ਉੱਤਰੀ ਕੋਰੀਆ ਕੋਲ ਹੈ 5000 ਟਨ ਤੋਂ ਜ਼ਿਆਦਾ ਰਸਾਇਣਕ ਹਥਿਆਰਾਂ ਦੀ ਖੇਪ : ਸਿਓਲ

ਸਿਓਲ, 24 ਫਰਵਰੀ (ਸ.ਬ.) ਦੱਖਣੀ ਕੋਰੀਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕੋਲ 5000 ਟਨ ਤੋਂ ਜ਼ਿਆਦਾ ਰਸਾਇਣਕ ਹਥਿਆਰਾਂ ਦੀ ਖੇਪ ਹੈ| ਉਸ ਵਿੱਚ ਉਹ ਰਸਾਇਣ ਵੀ ਸ਼ਾਮਲ ਹਨ, ਜਿਸ ਦੀ ਵਰਤੋਂ ਕਰਕੇ ਉੱਤਰੀ ਕੋਰੀਆ ਦੇ ਤਨਾਸ਼ਾਹ ਨੇਤਾ ਦੇ ਮਤਰੇਏ ਭਰਾ ਨੂੰ ਕਤਲ ਕਰ ਦਿੱਤਾ ਗਿਆ|
ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ 2014 ਦੀ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਉੱਤਰੀ ਕੋਰੀਆ ਨੇ 1980 ਤੋਂ ਹੀ ਰਸਾਇਣਕ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਇਹ ਅੰਦਾਜ਼ਾ ਹੈ ਕਿ ਇਸ ਨੇ 2500 ਤੋਂ ਲੈ ਕੇ 5000 ਟਨ ਤੱਕ ਦਾ ਭੰਡਾਰ ਜਮਾਂ ਕਰ ਲਿਆ ਹੈ| ਨਿੱਜੀ ਕੋਰੀਆ ਰੱਖਿਆ ਨੈਟਵਰਕ ਦੇ ਰੱਖਿਆ ਮਾਹਰ ਲੀ ਵੁ ਨੇ ਦੱਸਿਆ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਕੋਲ ਵੀਐਕਸ ਦਾ ਭੰਡਾਰ ਹੈ| ਇਸ ਦਾ ਵਿਕਾਸ 100 ਸਾਲ ਪਹਿਲਾਂ ਕੀਤਾ ਗਿਆ ਸੀ| ਵੀਐਕਸ ਦਾ ਉਤਪਾਦਨ ਕਿਸੇ ਵੀ ਛੋਟੀ ਪ੍ਰਯੋਗਸ਼ਾਲਾ ਅਤੇ ਕੀਟਨਾਸ਼ਕ ਦੇ ਉਤਪਾਦਨ ਦੀ ਸਹੂਲਤ ਵਾਲੇ ਸਥਾਨ ਤੇ ਹੋ ਸਕਦਾ ਹੈ| ਉੱਤਰੀ ਕੋਰੀਆ ਨੇ ਸੰਸਾਰਕ ਰਸਾਇਣਕ ਹਥਿਆਰ ਕਰਾਰ ਤੇ ਹਸਤਾਖਰ ਨਹੀਂ ਕੀਤਾ ਹੈ| ਇਸ ਤਹਿਤ ਰਸਾਇਣਕ ਹਥਿਆਰਾਂ ਦੇ ਉਤਪਾਦਨ, ਭੰਡਾਰਣ ਅਤੇ ਉਪਯੋਗ ਤੇ ਮੁਕੰਮਲ ਪਾਬੰਦੀ ਹੈ| ਇਸ ਸੰਧੀ ਤੇ 160 ਤੋਂ ਜ਼ਿਆਦਾ ਦੇਸ਼ਾਂ ਨੇ ਹਸਤਾਖਰ ਕੀਤੇ ਹਨ, ਜੋ ਕਿ 1997 ਤੋਂ ਹੋਂਦ ਵਿੱਚ ਹੈ|
ਜਿਕਰਯੋਗ ਹੈ ਕਿ ਵੀਐਕਸ-ਨਰਵ ਏਜੰਟ ਰਸਾਇਣ ਦਾ ਉਤਪਾਦਨ ਘੱਟ ਖਰਚੇ ਤੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ| ਸੰਯੁਕਤ ਰਾਸ਼ਟਰ ਨੇ ਇਸ ਰਸਾਇਣਕ ਹਥਿਆਰ ਨੂੰ ਦੁਨੀਆ ਦੀ ਤਬਾਹੀ ਵਾਲੇ ਹਥਿਆਰ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ|

Leave a Reply

Your email address will not be published. Required fields are marked *