ਉੱਤਰੀ ਕੋਰੀਆ ਨੇ ਛੋਟੇ ਰਾਕੇਟ ਇੰਜਣ ਨੂੰ ਸਥਾਪਿਤ ਕੀਤਾ

ਸਿਓਲ, 28 ਜੂਨ (ਸ.ਬ.) ਇਕ ਨਿਗਰਾਣੀ ਸਮੂਹ ਨੇ ਉੱਤਰੀ ਕੋਰੀਆ ਵੱਲੋਂ ਇਕ ਛੋਟੇ ਰਾਕੇਟ ਇੰਜਣ ਦੀ ਸਥਾਪਨਾ ਕੀਤੇ ਜਾਣ ਦੇ ਪੁਸ਼ਟੀ ਕੀਤੀ ਹੈ| ਇਸ ਤੋਂ ਪਹਿਲਾਂ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਸੀ ਕਿ ਇਹ ਪ੍ਰੀਖਣ ਅੰਤਰ ਮਹਾਂਦੀਪੀ ਬੈਲਿਸਿਟਕ ਮਿਜ਼ਾਇਲ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇਕ ਕਦਮ ਹੋ ਸਕਦਾ ਹੈ| ਵੱਕਾਰੀ ਵਿਸ਼ਲੇਸ਼ਣ ਸਮੂਹ 38 ਨਾਰਥ ਨੇ ਕਿਹਾ ਕਿ ਇਹ ਗੱਲ ਸਪਸ਼ਟ ਨਹੀਂ ਹੈ ਕਿ ਉੱਤਰੀ ਕੋਰੀਆ ਦੇ ਸੋਹੇ ਨਾਂ ਦੇ ਉਪਗ੍ਰਹਿ ਸਥਾਪਨਾ ਸਥਲ ਤੋਂ ਜੋ ਪ੍ਰੀਖਣ ਕੀਤਾ ਗਿਆ ਹੈ, ਉਸ ਵਿੱਚ ਆਈ. ਸੀ. ਬੀ. ਐਮ. ਇੰਜਣ ਲੱਗਿਆ ਸੀ ਜਾਂ ਨਹੀਂ| ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਵਾਸ਼ਿੰਗਟਨ ਦੇ ਸਮੂਹ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਉੱਤਰੀ ਕੋਰੀਆ ਨੇ 22 ਜੂਨ ਜਾਂ ਉਸ ਦੇ ਕਰੀਬ ‘ਇਕ ਛੋਟਾ ਰਾਕੇਟ ਇੰਜਣ ਪਰੀਖਣ’ ਕੀਤਾ ਹੈ| ਸਮੂਹ ਮੁਤਾਬਕ 10 ਜੂਨ ਨੂੰ ਲਈਆਂ ਗਈਆਂ ਤਸਵੀਰਾਂ ਪ੍ਰੀਖਣ ਦੀ ਕਿਸੇ ਤਿਆਰੀ ਦਾ ਸੰਕੇਤ ਨਹੀਂ ਦਿੰਦੀਆਂ ਹਨ|
ਇਸ ਨਾਲ ਇਹ ਪਤਾ ਚੱਲਦਾ ਹੈ ਕਿ ਉੱਤਰੀ ਕੋਰੀਆ ਕੋਲ ਅਜਿਹੀ ਤਕਨੀਕ ਅਤੇ ਸਾਮਾਨ ਸੰਬੰਧੀ ਸਮਰੱਥਾਵਾਂ ਹਨ, ਜੋ ਬਿਨਾ ਚਿਤਾਵਨੀ ਦਿੱਤੇ ਇਸ ਤਰ੍ਹਾਂ ਦੇ ਪ੍ਰੀਖਣਾਂ ਨੂੰ ਅੰਜਾਮ ਦੇ ਸਕਦੀ ਹੈ|
ਵਾਸ਼ਿੰਗਟਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ ਇਕ ਅਜਿਹੇ ਇੰਜਣ ਦਾ ਪ੍ਰੀਖਣ ਕੀਤਾ ਸੀ, ਜੋ ਆਈ. ਸੀ. ਬੀ. ਐਮ. ਰਾਕੇਟ ਦਾ ਬਹੁਤ ਸ਼ੁਰੂਆਤੀ ਪੜਾਅ ਹੋ ਸਕਦਾ ਹੈ| ਪਰ ਜਾਨਸ ਹਾਪਕਿਨਸ ਯੂਨੀਵਰਸਿਟੀ ਨਾਲ ਜੁੜੇ 38 ਨਾਰਥ ਨੇ ਇਸ  ਬਾਰੇ ਕਿਹਾ ਕਿ ਸਿਰਫ ਉਪਗ੍ਰਹੀ ਤਸਵੀਰਾਂ ਨਾਲ ਇਸ ਗੱਲ ਦੀ ਪੁਸ਼ਟੀ ਸੰਭਵ ਨਹੀਂ ਕਿ ਹਾਲ ਹੀ ਵਿੱਚ ਹੋਏ ਪ੍ਰੀਖਣ ਆਈ. ਸੀ. ਬੀ. ਐੱਮ. ਇੰਜਣ ਲਈ ਸਨ ਜਾਂ ਨਹੀਂ|
ਉੱਤਰੀ ਕੋਰੀਆ ਲਗਾਤਾਰ ਆਈ. ਸੀ. ਬੀ. ਐਮ. ਵਿਕਸਿਤ ਕਰ ਚੁੱਕੇ ਹੋਣ ਦੀ ਗੱਲ ਕਰਦਾ ਆਇਆ ਹੈ, ਜੋ ਉਸ ਦੇ ਸਾਮਰਾਜਵਾਦੀ ਦੁਸ਼ਮਣ ਅਮਰੀਕਾ ਦੇ ਮੁੱਖ ਭੂ-ਭਾਗ ਤੱਕ ਨਿਸ਼ਾਨਾ ਲਗਾ ਸਕਦਾ ਹੈ| ਬਹੁਤ ਸਾਰੇ ਵਿਸ਼ਲੇਸ਼ਕ ਇਸ ਗੱਲ ਤੇ ਸ਼ੱਕ ਕਰਦੇ ਹਨ ਪਰ ਇਹ ਜ਼ਰੂਰ ਮੰਨਦੇ ਹਨ ਕਿ ਸਾਲ 2011 ਵਿੱਚ ਕਿਮ ਜੋਂਗ-ਉਨ ਦੇ ਸੱਤਾ ਸੰਭਾਲਣ ਮਗਰੋਂ ਦੇਸ਼ ਨੇ ਮਿਜ਼ਾਇਲ ਸਮੱਰਥਾ ਵਿੱਚ ਬਹੁਤ ਵਾਧਾ ਕੀਤਾ ਹੈ|

Leave a Reply

Your email address will not be published. Required fields are marked *