ਉੱਤਰ ਪ੍ਰਦੇਸ਼ ਵਿੱਚ ਦੁੱਗਣੀ ਰਫਤਾਰ ਤੇ ਦੌੜਦਾ ਹੈ ਅਪਰਾਧ ਦਾ ਮੀਟਰ : ਪ੍ਰਿਅੰਕਾ ਗਾਂਧੀ

ਲਖਨਊ, 25 ਅਗਸਤ (ਸ.ਬ.) ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਪੱਤਰਕਾਰ ਦੇ ਕਤਲ ਸਮੇਤ ਹੋਰ ਵਾਰਦਾਤਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਸਰਕਾਰ ਦੀ ਰਫ਼ਤਾਰ ਦੱਸਦੇ ਹਨ ਜਦੋਂਕਿ ਅਪਰਾਧ ਦਾ ਮੀਟਰ ਉਸ ਤੋਂ ਦੋ ਗੁਣਾ ਸਪੀਡ ਤੋਂ ਦੌੜਨ ਲੱਗਦਾ ਹੈ|
ਪ੍ਰਿਅੰਕਾ ਨੇ ਟਵੀਟ ਕੀਤਾ ਹੈ ਕਿ ਯੂ. ਪੀ. ਦੇ ਮੁੱਖ ਮੰਤਰੀ ਸਰਕਾਰ ਦੀ ਰਫ਼ਤਾਰ ਦੱਸਦੇ ਹਨ ਅਤੇ ਅਪਰਾਧ ਦਾ ਮੀਟਰ ਉਸ ਤੋਂ ਦੁੱਗਣੀ ਸਪੀਡ ਨਾਲ ਦੌੜਨ ਲੱਗਦਾ ਹੈ| ਇਸ ਦੇ ਨਾਲ ਹੀ ਸੂਬੇ ਵਿੱਚ ਐਤਵਾਰ ਨੂੰ 9 ਅਤੇ ਸੋਮਵਾਰ ਨੂੰ 12 ਵਾਰਦਾਤਾਂ ਦਾ ਸੰਖੇਪ ਵੇਰਵਾ ਦਿੰਦੇ ਹੋਏ ਕਿਹਾ ਕਿ ਯੂ. ਪੀ. ਵਿੱਚ ਸਿਰਫ ਦੋ ਦਿਨਾਂ ਦਾ ਅਪਰਾਧ ਦਾ ਮੀਟਰ ਹੈ| ਯੂ. ਪੀ. ਸਰਕਾਰ ਵਾਰ-ਵਾਰ ਅਪਰਾਧਕ ਘਟਨਾਵਾਂ ਤੇ ਪਰਦਾ ਪਾਉਂਦੀ ਹੈ ਪਰ ਅਪਰਾਧ ਵੱਧਦਾ ਜਾ ਰਿਹਾ ਹੈ| ਜ਼ਿਕਰਯੋਗ ਹੈ ਕਿ ਪਿਛਲੇ ਸੂਬਾ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਵਿਵਸਥਾ ਅਤੇ ਵਿਕਾਸ ਦੀ ਬਿਹਤਰੀ ਲਈ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ| ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਤਿੰਨ ਸਾਲਾਂ ਵਿਚ ਕਤਲ, ਲੁੱਟ, ਅਗਵਾ ਅਤੇ ਜਬਰ-ਜ਼ਿਨਾਹ ਸਮੇਤ ਤਮਾਮ ਅਪਰਾਧਕ ਵਾਰਦਾਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ|
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਕ ਨਿੱਜੀ ਰਾਸ਼ਟਰੀ ਚੈਨਲ ਦੇ ਪੱਤਰਕਾਰ ਰਤਨ ਸਿੰਘ (42) ਨੂੰ ਰਸੜਾ ਫੇਫਨਾ ਮਾਰਗ ਤੇ ਸਥਿਤ ਪਿੰਡ ਵਿੱਚ ਉਸ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਆਪਣੇ ਪੁਰਾਣੇ ਮਕਾਨ ਵਿੱਚ ਗਏ ਸਨ| ਥਾਣੇ ਤੋਂ ਮਹਿਜ ਅੱਧਾ ਕਿਲੋਮੀਟਰ ਦੂਰੀ ਤੇ ਇਹ ਵਾਰਦਾਤ ਵਾਪਰੀ| ਰਤਨ ਸਿੰਘ ਨੇ ਜਾਨਲੇਵਾ ਹਮਲੇ ਤੋਂ ਬੱਚਣ ਲਈ ਦੌੜ ਲਾਈ ਪਰ ਬਦਮਾਸ਼ਾਂ ਨੇ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ|

Leave a Reply

Your email address will not be published. Required fields are marked *