ਉੱਤਰ ਭਾਰਤ ਵਿੱਚ ਠੰਡ ਦਾ ਕਹਿਰ ਜਾਰੀ, ਧੁੰਦ ਕਾਰਨ ਕਈ ਟਰੇਨਾਂ ਲੇਟ
ਨਵੀਂ ਦਿੱਲੀ, 23 ਜਨਵਰੀ (ਸ.ਬ.) ਦੇਸ਼ ਦੇ ਉੱਤਰੀ ਹਿੱਸੇ ਵਿੱਚ ਹਾਲੇ ਵੀ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ (ਆਈ. ਐੱਮ. ਡੀ.) ਅਨੁਸਾਰ ਉੱਤਰ ਭਾਰਤ ਵਿੱਚ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੌਸਮ ਦੇ ਮੁੜ ਬਦਲਣ ਦੀ ਉਮੀਦ ਹੈ। ਦਿੱਲੀ ਵਿੱਚ 25 ਦਸੰਬਰ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉੱਥੇ ਹੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੰਜਾਬ, ਹਰਿਆਣਾ ਵਿੱਚ ਠੰਡ ਅਤੇ ਧੁੰਦ ਦਾ ਕਹਿਰ ਬਰਕਰਾਰ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਹੋਣ ਕਾਰਨ ਹਵਾਵਾਂ ਦਾ ਰੁਖ ਬਦਲ ਰਿਹਾ ਹੈ। ਦਿੱਲੀ ਨੂੰ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਮਾਮੂਲੀ ਰਾਹਤ ਮਿਲਦੀ ਜ਼ਰੂਰੀ ਦਿਖਾਈ ਦੇ ਰਹੀ ਹੈ ਪਰ ਸਵੇਰ ਦੇ ਸਮੇਂ ਕੁੱਝ ਥਾਂਵਾਂ ਉੱਤੇ ਧੁੰਦ ਦੀ ਚਾਦਰ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਵਿੱਚ ਸਵੇਰ ਦੇ ਸਮੇਂ ਘੱਟੋ-ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 5:30 ਵਜੇ ਪਾਲਮ ਅਤੇ ਸਫਦਰਗੰਜ ਵਿੱਚ ਘੱਟੋ-ਘੱਟ 9.4 ਡਿਗਰੀ ਸੈਲਸੀਅਸ ਅਤੇ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਉਡੀਸ਼ਾ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ ਹੈ। ਧੁੰਦ ਕਾਰਨ ਕਈ ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਨਾਰਦਨ ਰੇਲਵੇ ਅਨੁਸਾਰ ਧੁੰਦ ਅਤੇ ਹੋਰ ਕਾਰਨਾਂ ਕਰਕੇ ਹੁਣ ਤੱਕ 16 ਟਰੇਨਾਂ ਆਪਣੇ ਤੈਅ ਸਮੇਂ ਤੋਂ ਦੇਰ ਨਾਲ ਚੱਲ ਰਹੀਆਂ ਹਨ।