ਏਅਰਪੋਰਟ ਰੋਡ ਉੱਪਰ ਲੱਗਦੀਆਂ ਨਾਜਾਇਜ ਰੇਹੜੀਆਂ ਫੜੀਆਂ ਤੇ ਰੋਕ ਲਗਾਏ ਗਮਾਡਾ : ਸਤਿੰਦਰ ਸਿੰਘ ਗਿੱਲ

ਐਸ ਏ ਐਸ ਨਗਰ, 24 ਮਾਰਚ (ਸ.ਬ.) ਨਗਰ ਨਿਗਮ ਮੁਹਾਲੀ ਅਤੇ ਗਮਾਡਾ ਵਲੋਂ ਸ਼ਹਿਰ ਅਤੇ ਸੜਕਾਂ ਉਪਰੋਂ ਨਾਜਾਇਜ ਕਬਜੇ ਹਟਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਏਅਰਪੋਰਟ ਰੋਡ ਉੱਪਰ ਟੀ ਡੀ ਆਈ ਸਿਟੀ ਨੇੜੇ ਲੱਗੀਆਂ ਇੱਕ ਦਰਜਨ ਤੋਂ ਵੱਧ ਨਾਜਾਇਜ ਰੇਹੜੀਆਂ ਫੜੀਆਂ ਨਾਜਾਇਜ ਕਬਜੇ ਖਤਮ ਕਰਨ ਸਬੰਧੀ ਗਮਾਡਾ ਵਲੋਂ ਕੀਤੇ ਜਾਂਦੇ ਦਾਅਵਿਆਂ ਦਾ ਮੂੰਹ ਚਿੜਾ ਰਹੀਆਂ ਹਨ|
ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਮੁਹਾਲੀ (ਦਿਹਾਤੀ) ਯੂਥ ਅਕਾਲੀ ਦਲ ਦਿਹਾਤੀ ਦੇ ਜਿਲ੍ਹਾ ਮੁਹਾਲੀ ਪ੍ਰਧਾਨ ਸ੍ਰ. ਸਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਏਅਰਪੋਰਟ ਰੋਡ ਉੱਪਰ ਟੀ ਡੀ ਆਈ ਸਿਟੀ ਨੇੜੇ ਹਰ ਦਿਨ ਸਵੇਰੇ 9 ਵਜੇ ਹੀ ਇਕ ਦਰਜਨ ਤੋਂ ਵੱਧ ਨਜਾਇਜ ਰੇਹੜੀਆਂ ਫੜੀਆਂ ਲੱਗ ਜਾਂਦੀਆਂ ਹਨ ਜੋ ਕਿ ਦੇਰ ਰਾਤ ਤੱਕ ਲੱਗੀਆਂ ਰਹਿੰਦੀਆਂ ਹਨ| ਇਹਨਾਂ ਰੇਹੜੀਆਂ ਉੱਪਰ ਫਲ ਅਤੇ ਹੋਰ ਸਮਾਨ ਵੇਚਿਆ ਜਾਂਦਾ ਹੈ| ਅਕਸਰ ਹੀ ਏਅਰਪੋਰਟ ਰੋਡ ਉੱਪਰ ਜਾਂਦੇ ਵਾਹਨ ਇਹਨਾਂ ਰੇਹੜੀਆਂ ਕੋਲ ਆਪਣੇ ਵਾਹਨ ਸੜਕ ਉੱਪਰ ਹੀ ਖੜੇ ਕਰਕੇ ਇਹਨਾਂ ਰੇਹੜੀਆਂ ਤੋਂ ਸਮਾਨ ਦੀ ਖਰੀਦਦਾਰੀ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਕਈ ਵਾਰ ਉਥੇ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਇਸ ਸੜਕ ਉੱਪਰ ਤੇਜ ਰਫਤਾਰ ਵਾਹਨ ਚਲਦੇ ਹੋਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ|
ਉਹਨਾਂ ਕਿਹਾ ਕਿ ਇਹ ਰੇਹੜੀਆਂ ਵਾਲੇ ਇਥੇ ਗੰਦਗੀ ਵੀ ਕਾਫੀ ਫੈਲਾਉਂਦੇ ਹਨ| ਇਸ ਤੋਂ ਇਲਾਵਾ ਇਹਨਾਂ ਰੇਹੜੀਆਂ ਉੱਪਰ ਪਏ ਸਮਾਨ ਉੱਪਰ ਮੱਖੀਆਂ ਤੇ ਹੋਰ ਜੀਵ ਜੰਤੂ ਵੀ ਮੰਡਰਾਉਂਦੇ ਰਹਿੰਦੇ ਹਨ| ਇਹਨਾਂ ਰੇਹੜੀਆਂ ਵਾਲਿਆਂ ਵਲੋਂ ਫੈਲਾਈ ਗੰਦਗੀ ਕਾਰਨ ਇਥੇ ਆਵਾਰਾ ਪਸ਼ੂਆਂ ਦੀ ਵੀ ਭਰਮਾਰ ਰਹਿੰਦੀ ਹੈ| ਆਵਾਰਾ ਪਸ਼ੂ ਇਸ ਗੰਦਗੀ ਨੂੰ ਫਰੋਲ ਕੇ ਖਿਲਾਰ ਦਿੰਦੇ ਹਨ ਜੋ ਕਿ ਸ਼ਹਿਰ ਦੀ ਸੁੰਦਰਤਾ ਉਪਰ ਧੱਬਾ ਲੱਗਦੀ ਹੈ|
ਉਹਨਾਂ ਗਮਾਡਾ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਥਾਂ ਖੜਦੀਆਂ ਨਾਜਾਇਜ ਰੇਹੜੀਆਂ ਫੜੀਆਂ ਤੁਰੰਤ ਬੰਦ ਕਰਵਾਈਆਂ ਜਾਣ|

Leave a Reply

Your email address will not be published. Required fields are marked *