ਏਅਰਪੋਰਟ ਸੜਕ ਤੇ ਲੱਗੇ ਸਾਈਨ ਬੋਰਡ ਡਿੱਗਣ ਕਾਰਨ ਕਦੇ ਵੀ ਵਾਪਰ ਸਕਦਾ ਹੈ ਹਾਦਸਾ
ਐਸ ਏ ਐਸ ਨਗਰ, 5 ਜਨਵਰੀ (ਜਸਵਿੰਦਰ ਸਿੰਘ) ਮੁਹਾਲੀ ਦੇ ਫੇਜ਼ 11 ਤੋਂ ਏਅਰਪੋਰਟ ਜਾਣ ਵਾਲੀ ਸੜਕ ਉੱਪਰ ਲੱਗੇ ਸਾਈਨ ਬੋਰਡ ਕਦੀ ਵੀ ਡਿੱਗ ਕੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਹ ਬੋਰਡ ਆਪਣੀ ਜਗ੍ਹਾ ਤੋਂ ਖਿਸਕ ਕੇ ਕਾਫੀ ਜਿਆਦਾ ਝੁਕ ਗਏ ਹਨ ਅਤੇ ਕਦੇ ਵੀ ਡਿੱਗ ਕੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਸੜਕ ਵਿੱਚ ਕਾਫ਼ੀ ਟ੍ਰੈਫਿਕ ਹੁੰਦਾ ਹੈ ਅਤੇ ਏਅਰਪੋਰਟ ਤੋਂ ਚੰਡੀਗੜ੍ਹ ਜਾਣ ਵਾਸਤੇ ਲੋਕ ਇਸੇ ਸੜਕ ਤੋਂ ਜਾਂਦੇ ਹਨ।
ਇਸ ਸਬੰਧੀ ਸ੍ਰ ਹਰਚਰਨ ਸਿੰਘ ਪੰਮਾ ਨੇ ਕਿਹਾ ਕਿ ਇਹ ਬੋਰਡ ਕਿਸੇ ਵੇਲੇ ਵੀ ਡਿੱਗ ਸਕਦੇ ਹਨ ਅਤੇ ਕਿਸੇ ਰਾਹਗੀਰ ਜਾਂ ਗੱਡੀਆਂ ਉੱਪਰ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਵਲੋਂ ਇਸ ਬੋਰਡ ਨੂੰ ਠੀਕ ਕਰਕੇ ਲਗਾਇਆ ਜਾਣਾ ਚਾਹੀਦਾ ਹੈ ਤਾਂ ਕਿ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।