ਏਅਰਪੋਰਟ ਹਾਦਸੇ ਵਿੱਚ ਜ਼ਖਮੀ ਡ੍ਰਾਈਵਰ ਦੀ ਮੌਤ ਤੋਂ ਭੜਕੇ ਡ੍ਰਾਈਵਰਾਂ ਵਲੋਂ ਫੋਰਟਿਸ ਅੱਗੇ ਹੰਗਾਮਾ

ਐਸ ਏ ਐਸ ਨਗਰ, 19 ਸਤੰਬਰ (ਸ.ਬ.) ਮੁਹਾਲੀ ਦੇ ਏਅਰਪੋਰਟ ਉਪਰ ਬੀਤੇ ਦਿਨ ਹੋਏ ਹਾਦਸੇ ਵਿੱਚ ਜ਼ਖਮੀ ਹੋਏ ਕੈਬ ਡ੍ਰਾਈਵਰ ਨਰਿੰਦਰ ਸਿੰਘ ਦੀ ਅੱਜ ਸਵੇਰੇ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਜਾਣ ਤੋਂ ਬਾਅਦ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਇਕਠੇ ਹੋਏ ਕੈਬ ਡ੍ਰਾਈਵਰ ਭੜਕ ਗਏ ਅਤੇ ਉਹਨਾਂ ਨੇ ਫੋਰਟਿਸ ਹਸਪਤਾਲ ਅੱਗੇ ਕਾਫੀ ਹੰਗਾਮਾ ਕੀਤਾ|
ਜਿਕਰਯੋਗ ਹੈ ਕਿ ਬੀਤੇ ਦਿਨ ਏਅਰ ਪੋਰਟ ਦੀ ਪਾਰਕਿੰਗ ਵਿੱਚ ਬੇਕਾਬੂ ਹੋਈ ਬੀ ਐਮ ਡਬਲਯੂ ਕਾਰ ਨੇ ਪਾਰਕਿੰਗ ਵਿੱਚ ਇਕ ਦਰਖੱਤ ਹੇਠਾਂ ਖੜੇ ਚਾਰ ਕੈਬ ਡ੍ਰਾਈਵਰ ਨਰਿੰਦਰ ਸਿੰਘ ਵਸਨੀਕ ਪਿੰਡ ਹਲਾਲਪੁਰ (ਖਰੜ), ਅੰਮ੍ਰਿਤਪਾਲ ਸਿੰਘ ਵਸਨੀਕ ਸੈਕਟਰ-70 ਮੁਹਾਲੀ, ਬਲਵਿੰਦਰ ਸਿੰਘ ਵਸਨੀਕ ਬਾਪੂ ਧਾਮ ਕਾਲੋਨੀ (ਚੰਡੀਗੜ੍ਹ), ਗੁਰਵਿੰਦਰ ਸਿੰਘ ਵਸਨੀਕ ਸੈਕਟਰ-45 ਬੀ (ਬੁੜੈਲ) ਚੰਡੀਗੜ੍ਹ ਨੂੰ ਟੱਕਰ ਮਾਰ ਕੇ ਜਖਮੀ ਕਰ ਦਿੱਤਾ ਸੀ| ਇਸ ਹਾਦਸੇ ਵਿੱਚ ਬੀ ਐਮ ਡਬਲਯੂ ਕਾਰ ਚਾਲਕ ਰਾਜੀਵ ਗਰਗ ਵੀ ਜਖਮੀ ਹੋ ਗਿਆ ਸੀ|
ਹਾਦਸੇ ਤੋਂ ਬਾਅਦ ਏਅਰਪੋਰਟ ਉਪਰ ਮੌਜੂਦ ਹੋਰਨਾਂ ਕੈਬ ਡ੍ਰਾਈਵਰ ਨੇ ਜਖਮੀ ਵਿਅਕਤੀਆਂ ਨੂੰ ਤੁਰੰਤ ਫੋਰਟਿਸ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕਿ ਗੰਭੀਰ ਜਖਮੀ ਕੈਬ ਡ੍ਰਾਈਵਰ ਨਰਿੰਦਰ ਸਿੰਘ ਦੀ ਅੱਜ ਸਵੇਰੇ ਮੌਤ ਹੋ ਗਈ| ਨਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਬਾਹਰ ਇਕੱਠੇ ਹੋਏ ਕੈਬ ਡ੍ਰਾਈਵਰ ਭੜਕ ਗਏ ਅਤੇ ਉਹਨਾਂ ਨੇ ਹਸਪਤਾਲ ਅੱਗੇ ਕਾਫੀ ਦੇਰ ਹੰਗਾਮਾ ਕੀਤਾ| ਇਸ ਮੌਕੇ ਕੈਬ ਡਰਾਇਵਰਾਂ ਨੇ ਦੋਸ਼ ਲਗਾਇਆ ਕਿ ਜਖਮੀ ਨਰਿੰਦਰ ਸਿੰਘ ਦਾ ਇਲਾਜ ਸਮੇਂ ਸਿਰ ਨਾ ਕੀਤਾ ਹੋਣ ਕਰਕੇ ਉਸਦੀ ਮੌਤ ਹੋਈ ਹੈ|
ਹਸਪਤਾਲ ਵਿੱਚ ਦਾਖਲ ਬਲਵਿੰਦਰ ਸਿੰਘ ਦਾ ਇਲਾਜ ਚਲ ਰਿਹਾ ਹੈ, ਜਦੋਂ ਕਿ ਅੰਮ੍ਰਿਤਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ|
ਹਸਪਤਾਲ ਦੇ ਬਾਹਰ ਡ੍ਰਾਈਵਰਾਂ ਵਲੋਂ ਕੀਤੇ ਗਏ ਹੰਗਾਮੇ ਦੌਰਾਨ ਹੀ ਹਸਪਤਾਲ ਦੇ ਪ੍ਰਬੰਧਕਾਂ ਨੇ ਮ੍ਰਿਤਕ ਨਰਿੰਦਰ ਸਿੰਘ ਦੀ ਲਾਸ਼ ਸਿਵਲ ਹਸਪਤਾਲ ਫੇਜ਼ 6 ਵਿੱਚ ਭੇਜ ਦਿੱਤੀ| ਜਿਸ ਤੋਂ ਬਾਅਦ ਡ੍ਰਾਈਵਰ ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਫੇਜ਼ 6 ਵਿੱਚ ਪਹੁੰਚ ਗਏ ਸਨ| ਮ੍ਰਿਤਕ ਨਰਿੰਦਰ ਸਿੰਘ ਦੇ ਦੋ ਛੋਟੇ ਬੱਚੇ ਹਨ| ਪੁਲੀਸ ਨੇ ਇਸ ਸਬੰਧੀ ਆਈ ਪੀ ਸੀ ਦੀ ਧਾਰਾ 279, 337, 338, 427 ਅਧੀਨ ਮਾਮਲਾ ਦਰਜ ਕਰਕੇ ਬੀ ਐਮ ਡਬਲਯੂ ਦੇ ਚਾਲਕ ਰਾਜੀਵ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ|

Leave a Reply

Your email address will not be published. Required fields are marked *