ਏਅਰਲਾਈਨਜ਼ ਕੰਪਨੀਆਂ ਹਵਾ ਵਿੱਚ ਨਹੀਂ ਸੁੱਟ ਸਕਦੀਆਂ ਮਨੁੱਖੀ ਮਲ, ਲੱਗੇਗਾ ਭਾਰੀ ਜੁਰਮਾਨਾ

ਨਵੀਂ ਦਿੱਲੀ, 21 ਦਸੰਬਰ (ਸ.ਬ.) ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਫ-ਸੁੱਥਰਾ ਬਣਾਉਣ ਲਈ ਸਵੱਛ ਭਾਰਤ ਮੁਹਿੰਮ ਵਿੱਢੀ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਕਈ ਖੇਤਰਾਂ ਵਿੱਚ ਕਾਫੀ ਪ੍ਰਭਾਵ ਪਿਆ ਹੈ| ਪਰ ਇਸ ਦੇ ਬਾਵਜੂਦ ਕੁਝ ਲੋਕ ਸਵੱਛ ਭਾਰਤ ਮੁਹਿੰਮ ਨੂੰ ਫੇਲ ਕਰ ਰਹੇ ਹਨ| ਇਸੇ ਤਰ੍ਹਾਂ ਦਾ ਇਕ ਮਾਮਲਾ ਦਿੱਲੀ ਦੇ ਵਸੰਤ ਐਨਕਲੇਵ ਦਾ ਸਾਹਮਣੇ ਆਇਆ ਹੈ, ਜਿੱਥੇ ਏਅਰਲਾਈਨਜ਼ ਦੇ ਜਹਾਜ਼ਾਂ ਵਲੋਂ ਮਨੁੱਖੀ ਮਲ ਨੂੰ ਹਵਾ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ, ਜੋ ਕਿ ਲੋਕਾਂ ਦੇ ਘਰਾਂ ਤੇ ਡਿੱਗਦਾ ਹੈ| ਇਸ ਸਬੰਧੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜੇਕਰ ਕੋਈ ਵੀ ਏਅਰਲਾਈਨ ਮਨੁੱਖੀ ਮਲ ਨੂੰ ਹਵਾ ਵਿੱਚ ਸੁੱਟਦਾ ਹੈ ਤਾਂ ਉਸ ਨੂੰ ਵਾਤਾਵਰਣ ਨੂੰ ਗੰਦਲਾ ਕਰਨ ਲਈ 50,000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ|
ਇਕ ਅਖਬਾਰ ਮੁਤਾਬਕ ਇਕ ਰਿਟਾਇਰਡ ਆਰਮੀ ਅਫਸਰ ਲੈਫਟੀਨੈਂਟ ਜਨਰਲ ਸਤਵੰਤ ਸਿੰਘ ਦਹੀਆ ਨੇ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਦੱਖਣੀ ਦਿੱਲੀ ਦੇ ਵਸੰਤ ਐਨਕਲੇਵ ਸਥਿਤ ਉਨ੍ਹਾਂ ਦੇ ਮਕਾਨ ਦੀ ਛੱਤ ਤੇ ਕਈ ਵਾਰ ਜਹਾਜ਼ਾਂ ਰਾਹੀਂ ਮਲ ਮੂਤਰ ਡਿੱਗਦਾ ਰਹਿੰਦਾ ਹੈ| ਉਨ੍ਹਾਂ ਦੀ ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਤੰਤਰ ਕੁਮਾਰ ਦੀ ਪ੍ਰਧਾਨਗੀ ਵਾਲੀ ਐਨ. ਜੀ. ਟੀ. ਦੀ ਬੈਂਚ ਨੇ ਕਿਹਾ ਕਿ ਡੀ. ਜੀ. ਸੀ. ਏ. ਨੂੰ ਇਹ ਨਿਰਦੇਸ਼ ਜਾਰੀ ਕਰਨਾ ਚਾਹੀਦਾ ਹੈ ਕਿ ਲੈਂਡ ਕਰਨ ਵਾਲੇ ਸਾਰੇ ਜਹਾਜ਼ਾਂ ਦੀ ਅਚਾਨਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਦੇਖਿਆ ਜਾਵੇ ਕਿ ਉਨ੍ਹਾਂ ਨੂੰ ਮਨੁੱਖੀ ਮਲ-ਮੂਤਰ ਦਾ ਟੈਂਕ ਖਾਲੀ ਤਾਂ ਨਹੀਂ ਕੀਤਾ| ਜੇਕਰ ਕਿਸੇ ਜਹਾਜ਼ ਵਲੋਂ ਅਜਿਹਾ ਕੀਤਾ ਗਿਆ ਹੋਵੇ ਤਾਂ ਉਸ ਨੂੰ 50,000 ਰੁਪਏ ਜੁਰਮਾਨਾ ਲਗਾਉਣਾ ਚਾਹੀਦਾ ਹੈ| ਸਤਵੰਤ ਸਿੰਘ ਦਹੀਆ ਦਾ ਕਹਿਣਾ ਕਾਹਿਣਾ ਹੈ ਕਿ ਜਹਾਜ਼ ਕੰਪਨੀਆਂ ਵਲੋਂ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੀ ਸਿਹਤ ਨੂੰ ਕਈ ਤਰ੍ਹਾਂ ਦਾ ਨੁਕਸਾਨ ਪਹੁੰਚ ਰਿਹਾ ਹੈ ਅਤੇ ਨਾਲ ਹੀ ਸਵੱਛ ਭਾਰਤ ਮੁਹਿੰਮ ਨੂੰ ਵੀ ਫੇਲ ਕੀਤਾ ਜਾ ਰਿਹਾ ਹੈ| ਦਹੀਆ ਨੇ ਕਿਹਾ ਕਿ ਜਹਾਜ਼ਾਂ ਵਲੋਂ ਮਲ-ਮੂਤਰ ਸੁੱਟਣ ਕਾਰਨ ਉਨ੍ਹਾਂ ਦੇ ਮਕਾਨ ਦੀਆਂ ਕੰਧਾਂ ਕਾਫੀ ਖਰਾਬ ਹੋ ਗਈਆਂ ਹਨ, ਜਿਸ ਦੀ ਪੇਂਟਿੰਗ ਕਰਵਾਉਣ ਤੇ ਉਨ੍ਹਾਂ ਨੂੰ 50,000 ਰੁਪਏ ਦਾ ਖਰਚਾ ਕਰਨਾ ਪਿਆ|
ਇਸ ਤੇ ਐਨ. ਜੀ. ਟੀ. ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਸੀ ਕਿ ਉਹ ਇਕ ਇੰਜੀਨੀਅਰ ਭੇਜ ਕੇ ਦਹੀਆ ਦੇ ਦੋਸ਼ਾਂ ਦੀ ਜਾਂਚ ਕਰਨ| ਸੀ. ਪੀ. ਸੀ. ਬੀ ਨੇ ਦਹੀਆ ਦੇ ਮਕਾਨ ਦੀ ਛੱਤ ਤੋਂ ਲਏ ਗਏ ਸੈਂਪਲ ਦੀ ਜਾਂਚ ਕਰਕੇ ਕਿਹਾ ਕਿ ਇਹ ਤਾਂ ਸਾਫ ਹੈ ਕਿ ਇਹ ਮਨੁੱਖੀ ਮਲ ਹੈ, ਪਰ ਇਹ ਕਿਥੋਂ ਆਇਆ| ਇਸ ਬਾਰੇ ਕੁਝ ਪੁਖਤਾ ਨਹੀਂ ਕਿਹਾ ਜਾ ਸਕਦਾ| ਨਾਗਰ ਜਹਾਜ਼ ਮੰਤਰਾਲੇ ਨੇ ਦਹੀਆ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜਹਾਜ਼ਾਂ ਦੇ ਟਾਇਲਟ ਵਿੱਚ ਮਲ-ਮੂਤਰ ਇਕ ਖਾਸ ਟੈਂਕ ਵਿੱਚ ਰੱਖਿਆ ਜਾਂਦਾ ਹੈ ਅਤੇ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਹੀ ਇਸ ਨੂੰ ਖਾਲੀ ਕੀਤਾ ਜਾਂਦਾ ਹੈ| ਹਾਲਾਂਕਿ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਸਵੀਕਾਰ ਕੀਤਾ ਕਿ ਇਹ ਕਿਸੇ  ਲੀਕੇਜ ਦੀ ਵਜ੍ਹਾ ਹੋ ਸਕਦੀ ਹੈ|

Leave a Reply

Your email address will not be published. Required fields are marked *