ਏਅਰੋਸਿਟੀ-2 ਦੇ ਪ੍ਰੋਜੈਕਟ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਗਮਾਡਾ ਦਫਤਰ ਸਾਮ੍ਹਣੇ ਧਰਨਾ

ਐਸ ਏ ਐਸ ਨਗਰ, 9 ਮਾਰਚ (ਸ.ਬ.) ਏਅਰੋਸਿਟੀ-2 ਸਕੀਮ ਗਮਾਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਮਾਲਕਾਂ (ਕਿਸਾਨਾਂ) ਨੇ ਗਮਾਡਾ ਦੇ ਦਫਤਰ ਅੱਗੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਅਨੁਸਾਰ ਪੂਰੇ 121 ਵਰਗ ਗਜ ਰਕਬੇ ਵਿੱਚ ਵਪਾਰਕ ਸਾਈਟਾਂ ਅਲਾਟ ਕੀਤੀਆਂ ਜਾਣ|
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਮੱਖਣ ਸਿੰਘ, ਗੁਰਪ੍ਰੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਏਅਰੋਸਿਟੀ-2 ਸਕੀਮ ਤਹਿਤ ਵੱਖ ਵੱਖ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਸੀ| ਸਰਕਾਰ ਨੇ ਇਸ ਸਕੀਮ ਤਹਿਤ ਜ਼ਮੀਨ ਮਾਲਕਾਂ ਨੂੰ ਲੈਂਡ ਪੁਲਿੰਗ ਪਾਲਿਸੀ ਅਧੀਨ ਸਕੀਮ ਵਿਚ ਭਾਈਵਾਲ ਬਣਾਉਣ ਲਈ ਵਿਕਸਤ ਰਕਬੇ ਦਾ ਅੱਧਾ ਹਿੱਸਾ ਅਲਾਟ ਕਰਨ ਦੀ ਪੇਸ਼ਕਸ਼ ਕੀਤੀ ਸੀ ਅਤੇ ਵਿਕਸਤ ਰਕਬੇ ਦਾ ਬਾਕੀ ਹਿੱਸਾ ਗਮਾਡਾ ਨੇ ਆਪਣੇ ਕੋਲ ਰੱਖਣਾ ਸੀ| ਉਹਨਾਂ ਕਿਹਾ ਕਿ ਗਮਾਡਾ ਵਲੋਂ ਇਸ ਸਕੀਮ ਤਹਿਤ ਜ਼ਮੀਨ ਮਾਲਕਾਂ ਨੂੰ ਹਰ ਇੱਕ ਏਕੜ ਬਦਲੇ 968 ਵਰਗ ਗਜ ਰਿਹਾਇਸ਼ੀ ਰਕਬਾ ਤਾਂ ਅਲਾਟ ਕਰ ਦਿੱਤਾ ਗਿਆ ਹੈ| ਹੁਣ ਗਮਾਡਾ ਵਲੋਂ ਜ਼ਮੀਨ ਮਾਲਕਾਂ ਨੂੰ 121 ਵਰਗ ਗਜ ਵਪਾਰਕ ਰਕਬਾ ਅਲਾਟ ਕੀਤਾ ਜਾ ਰਿਹਾ ਹੈ| ਇਸ ਦੇ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਗਈ ਹੈ ਕਿ ਇਸ 121 ਵਰਗ ਗਜ ਵਪਾਰਕ ਰਕਬੇ ਵਿੱਚ ਪਾਰਕਿੰਗ ਦੀ ਵਿਵਸਥਾ ਵੀ ਸ਼ੋ ਰੂਮ ਮਾਲਕ ਵੱਲੋਂ ਕੀਤੀ ਜਾਵੇ|
ਉਹਨਾਂ ਪੱਤਰ ਵਿੱਚ ਕਿਹਾ ਹੈ ਕਿ ਇਸ ਤਰ੍ਹਾਂ ਗਮਾਡਾ ਵਲੋਂ ਜ਼ਮੀਨ ਮਾਲਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਸਕੀਮ ਅਨੁਸਾਰ ਜ਼ਮੀਨ ਮਾਲਕਾਂ ਨੂੰ ਪੂਰਾ 121 ਵਰਗ ਗਜ ਰਕਬਾ ਵਪਾਰਕ ਉਸਾਰੀ ਲਈ ਦਿੱਤਾ ਜਾਣਾ ਹੈ| ਉਹਨਾਂ ਮੰਗ ਕੀਤੀ ਕਿ ਜ਼ਮੀਨ ਮਾਲਕਾਂ ਨੂੰ ਵਪਾਰਕ ਪਲਾਟ ਦੇਣ ਸਮੇਂ ਪੂਰਾ 121 ਵਰਗ ਗਜ ਰਕਬਾ ਵਪਾਰਕ ਉਸਾਰੀ ਲਈ ਦਿੱਤਾ ਜਾਵੇ|

Leave a Reply

Your email address will not be published. Required fields are marked *