ਏਸ਼ੀਆਈ ਖੇਡਾਂ 2018 : ਭਾਰਤ ਨੇ ਔਰਤਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਜਕਾਰਤਾ, 28 ਅਗਸਤ (ਸ.ਬ.) ਭਾਰਤੀ ਕੰਪਾਊਂਡ ਮਹਿਲਾ ਤੀਰਅੰਦਾਜ਼ੀ ਟੀਮ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਆਖਰੀ ਸਮੇਂ ਵਿੱਚ ਕੁਝ ਗਲਤੀਆਂ ਦਾ ਖਾਮੀਆਜ਼ਾ ਭੁਗਤਨਾ ਪਿਆ ਅਤੇ ਉਹ ਕੋਰੀਆ ਦੇ ਖਿਲਾਫ ਏਸ਼ੀਆਈ ਖੇਡਾਂ 2018 ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ 228-231 ਨਾਲ ਹਾਰ ਗਈ ਜਿਸ ਨਾਲ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ| ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਤੀਰਅੰਦਾਜ਼ੀ ਵਿੱਚ ਇਹ ਪਹਿਲਾ ਤਮਗਾ ਹੈ|
ਮੁਸਕਾਨ ਕਿਰਾਰ, ਮਧੂਮਿਤਾ ਕੁਮਾਰੀ ਅਤੇ ਜੋਤੀ ਸੁਰੇਖਾ ਦੀ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਕੋਰੀਆਈ ਟੀਮ ਨੂੰ ਸਖਤ ਟੱਕਰ ਦਿੱਤੀ ਅਤੇ ਪਹਿਲਾ ਸੈਟ 59-57 ਨਾਲ ਆਪਣੇ ਨਾਂ ਕੀਤਾ, ਪਰ ਦੂਜੇ ਸੈਟ ਵਿੱਚ ਉਹ ਦੋ ਅੰਕ ਪਿਛੜ ਕੇ 56-58 ਨਾਲ ਹਾਰ ਗਈ| ਤੀਜਾ ਸੈਟ ਵੀ ਰੋਮਾਂਚਕ ਰਿਹਾ ਜਿਸ ਵਿੱਚ ਦੋਹਾਂ ਟੀਮਾਂ 58-58 ਦੀ ਬਰਾਬਰੀ ਉਤੇ ਰਹੀਆਂ| ਚੌਥੇ ਫੈਸਲਾਕੁੰਨ ਸੈਟ ਵਿੱਚ ਹਾਲਾਂਕਿ ਕੋਰੀਆਈ ਟੀਮ ਕਾਫੀ ਆਤਮਵਿਸ਼ਵਾਸ ਵਿੱਚ ਦਿਖਾਈ ਦਿੱਤੀ ਅਤੇ ਉਸ ਨੇ ਸ਼ੁਰੂਆਤ ਵਿੱਚ ਹੀ ਦੋ ਪਰਫੈਕਟ 10 ਦੇ ਨਾਲ 20-0 ਦੀ ਬੜ੍ਹਤ ਬਣਾ ਲਈ|
ਭਾਰਤੀ ਖਿਡਾਰਨ ਮੁਸਕਾਨ ਕਿਰਾਰ ਨੇ ਪਹਿਲੇ ਦੋ ਤੀਰਾਂ ਉਤੇ 9-9 ਦੇ ਸ਼ਾਟ ਲਗਾਏ| ਹਾਲਾਂਕਿ ਤੀਜੇ ਸ਼ਾਟ ਉਤੇ ਪਰਫੈਕਟ 10 ਤੋਂ ਭਾਰਤ ਨੂੰ ਕੁਝ ਰਾਹਤ ਮਿਲੀ ਪਰ ਅਗਲੇ ਦੋ ਤੀਰਾਂ ਉਤੇ 8 ਅਤੇ 9 ਦੇ ਸ਼ਾਟ ਨਾਲ ਉਹ ਸੋਨ ਤਮਗੇ ਤੋਂ ਖੁੰਝ ਗਏ| ਆਖਰੀ ਤੀਰ ਉਤੇ ਸੁਰੇਖਾ ਨੇ 10 ਦਾ ਸਕੋਰ ਕੀਤਾ ਅਤੇ ਭਾਰਤੀ ਟੀਮ ਇਹ ਸੈਟ 55-58 ਨਾਲ ਹਾਰ ਕੇ ਸੋਨ ਤਮਗਾ ਗੁਆ ਬੈਠੀ|

Leave a Reply

Your email address will not be published. Required fields are marked *