ਏ.ਐਨ.ਐਮ. ਭਰਤੀ ਵਿੱਚ ਆਸ਼ਾ ਵਰਕਰਾਂ ਨੂੰ ਕੋਟਾ ਮਿਲਣਾ ਜਥੇਬੰਦੀ ਦੀ ਜਿੱਤ

ਬਠਿੰਡਾ, 13 ਅਗਸਤ  (ਸਿਵੀਆਂ)  ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਹੈ ਕਿ ਆਸ਼ਾ ਵਰਕਰਾਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਏ. ਐਨ. ਐਮ. ਦੀ ਭਰਤੀ ਵਿੱਚ ਕੋਟਾ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਨੂੰ ਬਤੌਰ ਏ.ਐਨ. ਐਮ. ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਸਕੇਗਾ| ਇਸ ਪ੍ਰਾਪਤੀ ਲਈ ਸਾਰੀਆਂ ਵਰਕਰਾਂ ਵਧਾਈ ਦੀਆਂ ਪਾਤਰ ਹਨ, ਜਿਹਨਾਂ ਨੇ ਆਪਣੀ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਸਰਕਾਰ ਨੂੰ ਹੱਕੀ ਮੰਗਾਂ ਮਨਵਾਉਣ ਵਿੱਚ ਜਿੱਤ ਹਾਸਿਲ ਕੀਤੀ ਹੈ| ਉਹਨਾਂ ਕਿਹਾ ਕਿ ਸਰਕਾਰ ਨੇ ਏ ਐਨ ਐਮ ਦੀ ਭਰਤੀ ਵਿੱਚ ਆਸ਼ਾ ਵਰਕਰਾਂ ਨੂੰ ਕੋਟਾ ਤਾਂ ਦੇ ਦਿੱਤਾ ਹੈ ਪਰੰਤੂ ਏ.ਐਨ.ਐਮ. ਪ੍ਰੋਮਸ਼ਨ ਅਤੇ ਲਈ ਉਮਰ ਹੱਦ ਵਿੱਚ ਛੋਟ             ਦੇਣ ਦੀ ਮੰਗ ਵਾਸਤੇ ਸੰਘਰਸ਼ ਜਾਰੀ ਰਹੇਗਾ|
ਇਸ ਦੌਰਾਨ ਬਠਿੰਡਾ ਇਕਾਈ ਦੀ ਮੀਤ ਪ੍ਰਧਾਨ ਪਰਮਜੀਤ ਕੌਰ, ਜਨਰਲ ਸਕੱਤਰ ਸੁਖਜੀਤ ਕੌਰ, ਵਿੱਤ ਸਕੱਤਰ ਚਰਨਜੀਤ ਕੌਰ ਅਤੇ ਪ੍ਰਧਾਨ ਬਲਾਕ ਸੰਗਤ ਮਨਦੀਪ ਕੌਰ ਨੇ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਧੰਨਵਾਦ ਕੀਤਾ ਹੈ, ਜਿਹਨਾਂ ਵੱਲੋਂ ਵਿਧਾਨਸਭਾ ਵਿੱਚ ਦੋ ਸੈਸ਼ਨਾਂ ਦੌਰਾਨ ਬ੍ਰਹਮ ਮਹਿੰਦਰਾ ਅਤੇ ਬਲਬੀਰ ਸਿੰਘ ਸਿੱਧੂ ਦੇ ਸਾਹਮਣੇ ਜ਼ੋਰਦਾਰ ਢੰਗ ਨਾਲ ਆਸ਼ਾ ਵਰਕਰਾਂ ਦੇ ਹੱਕ ਵਿੱਚ ਆਵਾਜ਼ ਚੁੱਕ ਕੇ ਸਰਕਾਰ ਤੇ ਉਨ੍ਹਾਂ ਦੀਆਂ ਮੰਗਾਂ ਮਨਵਾਉਣ ਦਾ ਦਬਾਅ ਬਣਾਇਆ ਗਿਆ| ਉਹਨਾਂ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਏ.ਐਨ. ਐਮ. ਦੀ ਭਰਤੀ ਲਈ ਆਸ਼ਾ ਵਰਕਰਾਂ ਨੂੰ 10 ਫੀਸਦੀ ਦਾ ਕੋਟਾ ਦਿੱਤਾ ਗਿਆ ਹੈ|
ਉਹਨਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਕੋਰੋਨਾ ਵਾਇਰਸ ਦੌਰਾਨ ਮਿਲਣ ਵਾਲਾ ਭੱਤਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਉਹ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਹਨ ਜਿਸਦੇ ਬਾਵਜੂਦ ਭੱਤੇ ਜਾਰੀ ਨਹੀਂ ਕੀਤੇ ਗਏ ਹਨ| ਉਹਨਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ 17 ਅਗਸਤ ਤੋਂ 17 ਸਤੰਬਰ ਤੱਕ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ|
ਇਸ ਮੌਕੇ ਹਰਵਿੰਦਰ ਕੌਰ ਕਣਕਵਾਲ ਬਲਾਕ ਪ੍ਰਧਾਨ ਤਲਵੰਡੀ ਸਾਬੋ, ਸੁਖਪਾਲ ਕੌਰ ਗੋਨਿਆਣਾ, ਕੰਵਲਦੀਪ ਕੌਰ, ਸ਼ਰਨ ਕੌਰ ਅਤੇ ਮਨਜੀਤ ਕੌਰ ਹਾਜ਼ਿਰ ਸਨ|

Leave a Reply

Your email address will not be published. Required fields are marked *