ਏ.ਬੀ.ਵੀ.ਪੀ ਉੱਪਰ ਪਾਬੰਦੀ ਲਗਾਈ ਜਾਵੇ: ਕੈਪਟਨ ਅਮਰਿੰਦਰ

ਚੰਡੀਗੜ੍ਹ, 27 ਫਰਵਰੀ (ਸ.ਬ. ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਬਲਾਤਕਾਰ ਦੀ ਸ਼ਰਮਨਾਕ ਤੇ ਘਟੀਆ ਧਮਕੀ ਦੇਣ ਵਾਲੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਨਿੰਦਾ ਕੀਤੀ ਹੈ, ਜਿਸ ਵਿਦਿਆਰਥਣ ਨੇ ਹਾਲ ਵਿੱਚ ਰਾਮਜਸ ਕਾਲਜ ਵਿੱਚ ਹਿੰਸਾ ਕਰਨ ਖਿਲਾਫ ਵਿਦਿਆਰਥੀ ਸੰਗਠਨ ਖਿਲਾਫ ਕਦਮ ਚੁੱਕਿਆ ਸੀ|
ਕਾਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਵੱਲੋਂ ਰਾਮਜਸ ਕਾਲਜ ਦੀ ਘਟਨਾ ਤੇ ਬਹਾਦਰੀ ਭਰਿਆ ਪੱਖ ਰੱਖਣ ਤੋਂ ਬਾਅਦ ਉਸਨੂੰ ਮਿੱਲ ਰਹੀਆਂ ਬਲਾਤਕਾਰ ਤੇ ਹਿੰਸਾ ਦੀਆਂ ਧਮਕੀਆਂ ਦੇ ਦੋਸ਼ ਨੂੰ ਲੈ ਕੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਏ.ਬੀ.ਵੀ.ਪੀ ਤੇ ਉਸਦੇ ਆਕਾਵਾਂ ਨੂੰ ਇਸ ਘਿਣੌਣੇ ਵਤੀਰੇ ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਲੜਕੀ ਦੇ ਪਿਤਾ ਨੇ ਕਾਰਗਿਲ ਯੁੱਧ ਦੌਰਾਨ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਹੁਣ ਉਸਨੂੰ ਸਹੀ ਕਦਮ ਲਈ ਪ੍ਰਤਾੜਤ ਕੀਤਾ ਜਾ ਰਿਹਾ ਹੈ| ਇਸ ਦਿਸ਼ਾ ਵਿੱਚ, ਉਨ੍ਹਾਂ ਨੇ ਏ.ਬੀ.ਵੀ.ਪੀ ਦੀ ਇਸ ਕਥਿਤ ਧਮਕੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਸੰਗਠਨ ਵਿੱਚ ਰਾਸ਼ਟਰਵਾਦ ਤੇ ਦੇਸ਼ ਲਈ ਪਿਆਰ ਦੀ ਪੂਰੀ ਤਰ੍ਹਾਂ ਘਾਟ ਦਾ ਪ੍ਰਦਰਸ਼ਨ ਕਰਾਰ ਦਿੱਤਾ ਹੈ|
ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਰਾਮਜਸ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਖਿਲਾਫ ਬਿਨ੍ਹਾਂ ਕਾਰਨ ਭਾਰੀ ਹਿੰਸਾ ਵਰ੍ਹਾਉਣ ਵਾਲੇ ਏ.ਬੀ.ਵੀ.ਪੀ ਦੀ ਬੇਸ਼ਰਮੀ ਉਪਰ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਦਿਆਰਥੀ ਸੰਗਠਨ ਵੱਲੋਂ ਹੁਣ ਗੁਰਮੇਹਰ ਨੂੰ ਦਿੱਤੀ ਗਈ ਧਮਕੀ ਦੀਆਂ ਖ਼ਬਰਾਂ ਦਰਸਾਉਂਦੀਆਂ ਹਨ ਕਿ ਇਸ ਵਿੱਚ ਦੇਸ਼ ਦੇ ਕਾਨੂੰਨ ਪ੍ਰਤੀ ਕੋਈ ਸਨਮਾਨ ਨਹੀਂ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ 22 ਫਰਵਰੀ ਨੂੰ ਰਾਮਜਸ ਕਾਲਜ ਵਿੱਚ ਬਿਨ੍ਹਾਂ ਕਾਰਨ ਹਿੰਸਾ ਵਰ੍ਹਾਉਣ ਵਾਲੇ ਏ.ਬੀ.ਵੀ.ਪੀ ਦੇ ਗੁੰਡਿਆਂ ਖਿਲਾਫ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਨ ਵਿੱਚ ਅਸਫਲ ਰਹਿਣਾ, ਸਾਫ ਤੌਰ ਤੇ ਇਨ੍ਹਾਂ ਨੂੰ ਅਜਿਹੀਆਂ ਗੰਭੀਰ ਧਮਕੀਆਂ ਦੇਣ ਲਈ ਹਿੰਮਤ ਦੇਣਾ ਹੈ| ਜਿਸ ਤੇ, ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨ ਦਾ ਹੋਰ ਮਜ਼ਾਕ ਬਣਨ ਤੋਂ ਪਹਿਲਾਂ ਇਸ ਸੰਗਠਨ ਉਪਰ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ|
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਸੰਗਠਨ ਉਪਰ ਕਾਰਵਾਈ ਕਰਨ ਵਿੱਚ ਅਸਫਲ ਰਹਿਣਾ, ਹੋਰ ਗੈਰ ਸਮਾਜਿਕ ਅਨਸਰਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਉਤਸਾਹ ਦੇਵੇਗਾ ਅਤੇ ਇਹ ਦੇਸ਼ ਅੰਦਰ ਕਾਨੂੰਨ ਤੇ ਵਿਵਸਥਾ ਦੇ ਪੂਰੀ ਤਰ੍ਹਾਂ ਢਹਿਣ ਦਾ ਕਾਰਨ ਬਣ ਸਕਦਾ ਹੈ|
ਉਥੇ ਹੀ, ਗੁਰਮੇਹਰ ਵੱਲੋਂ ਸੋਸ਼ਲ ਮੀਡੀਆ ਉਪਰ ਏ.ਬੀ.ਵੀ.ਪੀ ਖਿਲਾਫ ਮੁਹਿੰਮ ਛੇੜਨ ਨੂੰ ਲੈ ਕੇ ਦਿਖਾਈ ਗਈ ਹਿੰਮਤ ਦੀ ਸ਼ਲਾਘਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਤੇ ਕੇਂਦਰ ਸਰਕਾਰਾਂ ਦੇ ਅਥਾਰਿਟੀਜ਼ ਨੂੰ ਗੁਰਮੇਹਰ ਵੱਲੋਂ ਰੱਖੇ ਪੱਖ ਲਈ ਉਸਨੂੰ ਪ੍ਰਤਾੜਤ ਹੋਣ ਦੇਣ ਦੀ ਬਜਾਏ, ਇਹ ਪੁਖਤਾ ਕਰਨਾ ਚਾਹੀਦਾ ਹੈ ਕਿ ਰਾਮਜਸ ਕਾਲਜ ਵਿੱਚ ਹਿੰਸਾ ਤੇ ਉਸ ਤੋਂ ਬਾਅਦ ਸ਼ਹੀਦ ਦੀ ਬੇਟੀ ਨੂੰ ਧਮਕੀਆਂ ਦੇਣ ਦੇ ਦੋਸ਼ੀਆਂ ਨੂੰ ਡੀ.ਯੂ ਦੇ ਕੈਂਪਸ ਦੇ ਮਹੌਲ ਨੂੰ ਦੂਸ਼ਿਤ ਕਰਨ ਲਈ ਇਕ ਅਜਿਹੀ ਸਜ਼ਾ ਦਿੱਤੀ ਜਾਵੇ, ਜਿਹੜੀ ਦੂਜਿਆਂ ਲਈ ਵੀ ਸਬਕ ਬਣੇ|

Leave a Reply

Your email address will not be published. Required fields are marked *