ਐਚ-1ਬੀ ਵੀਜ਼ਾ ਦੇਣ ਦੀ ਪ੍ਰੀਕ੍ਰਿਆ ਵਿੱਚ ਕੋਈ ਤਬਦੀਲੀ ਨਹੀ : ਅਮਰੀਕਾ

ਵਾਸ਼ਿੰਗਟਨ, 31 ਅਗਸਤ (ਸ.ਬ.) ਅਮਰੀਕਾ ਅਤੇ ਭਾਰਤ ਵਿਚਕਾਰ ਅਗਲੇ ਹਫਤੇ ਨਵੀਂ ਦਿੱਲੀ ਵਿਚ ਹੋਣ ਵਾਲੀ 2+2 ਬੈਠਕ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰੀਕ੍ਰਿਆ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ| ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਠਕ ਦੌਰਾਨ ਵੀਜ਼ਾ ਦਾ ਮੁੱਦਾ ਚੁੱਕ ਸਕਦੀ ਹੈ| ਸੁਸ਼ਮਾ ਨੇ ਬੀਤੇ ਮਹੀਨੇ ਰਾਜ ਸਭਾ ਵਿਚ ਦੱਸਿਆ ਸੀ ਕਿ ਅਸੀਂ ਇਸ ਮੁੱਦੇ ਨੂੰ ਕਈ ਮੰਚਾਂ ਉਤੇ ਰਸਮੀ ਰੂਪ ਵਿਚ ਚੁੱਕ ਰਹੇ ਹਾਂ| ਅਸੀਂ ਲੋਕ ਇਸ ਮੁੱਦੇ ਉਤੇ ਵ੍ਹਾਈਟ ਹਾਊਸ, ਉਥੋਂ ਦੇ ਰਾਜ ਪ੍ਰਸ਼ਾਸਨ ਅਤੇ ਉਥੋਂ ਦੇ ਸੰਸਦ ਮੈਂਬਰਾਂ ਨਾਲ ਗੱਲ ਕਰ ਰਹੇ ਹਾਂ| ਅਸੀਂ ਨਵੀਂ ਦਿੱਲੀ ਵਿਚ 6 ਸਤੰਬਰ ਨੂੰ ਹੋਣ ਵਾਲੀ 2+2 ਬੈਠਕ ਵਿਚ ਇਸ ਮੁੱਦੇ ਨੂੰ ਪੂਰੀ ਨਿਮਰਤਾ ਨਾਲ ਚੁੱਕਾਂਗੇ|
ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਐਚ-1ਬੀ ਵੀਜ਼ੇ ਦਾ ਮੁੱਦਾ 2+2 ਬੈਠਕ ਵਿਚ ਚੁੱਕਣ ਦੀ ਤਿਆਰੀ ਵਿਚ ਹੈ ਪਰ ਇਸ ਵਿਚ ਕੁਝ ਕਹਿਣ ਲਈ ਨਹੀਂ ਹੈ ਕਿਉਂਕਿ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ| ਅਧਿਕਾਰੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਵਿਚ ਅਮਰੀਕਾ ਵਿਚ ਕੰਮ ਕਰਨ ਲਈ ਅਮਰੀਕੀ ਵੀਜ਼ਾ ਪ੍ਰੋਗਰਾਮ ਦੀ ਵੱਡੇ ਪੱਧਰ ਉਤੇ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਵੀਜ਼ਾ ਸਮੀਖਿਆ ਕਰਨ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਇਸ ਨਾਲ ਅਮਰੀਕਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਤਨਖਾਹ ਪ੍ਰਭਾਵਿਤ ਨਾ ਹੋਵੇ| ਅਧਿਕਾਰੀ ਨੇ ਦੱਸਿਆ ਕਿ ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰੀਕ੍ਰਿਆ ਵਿਚ ਤਬਦੀਲੀ ਨਹੀਂ ਹੋਈ ਹੈ| ਇਸ ਲਈ ਮੇਰੇ ਲਈ ਇਹ ਅਨੁਮਾਨ ਲਗਾਉਣਾ ਅਸੰਭਵ ਹੈ ਕਿ ਇਸ ਉਤੇ ਗੱਲ ਕਰਨ ਉਤੇ ਨਤੀਜਾ ਕੀ ਹੋਵੇਗਾ| ਨਿਸ਼ਚਿਤ ਰੂਪ ਵਿਚ ਇਹ ਭਾਰਤ ਲਈ ਮਹੱਤਵਪੂਰਣ ਮੁੱਦਾ ਹੈ|

Leave a Reply

Your email address will not be published. Required fields are marked *