ਐਨ.ਆਰ.ਆਈ ਮੁੱਦੇ ਤੇ ਗਲਤ ਪ੍ਰਚਾਰ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ ਐਨ.ਆਰ.ਆਈ ਵਰਗ ਦੀ ਭਲਾਈ ਵਾਸਤੇ ਕਾਂਗਰਸ ਮੈਨੀਫੈਸਟੋ ਦੇ ਵਾਅਦਿਆਂ ਨੂੰ ਦੁਹਰਾਇਆ

ਪਟਿਆਲਾ, 1 ਫਰਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਐਨ.ਆਰ.ਆਈ ਵਿਰੋਧੀ ਬਿਆਨਾਂ ਰਾਹੀਂ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਗਲਤ ਪ੍ਰਚਾਰ ਦੀ ਨਿੰਦਾ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਬਾਹਰੀ ਵਿਅਕਤੀਆਂ ਦਾ ਨਾਂਮ ਉਨ੍ਹਾਂ ਨੇ ਸਿਰਫ ਆਪ ਆਗੂਆਂ ਤੇ ਅਰਵਿੰਦ  ਕੇਜਰੀਵਾਲ ਵੱਲੋਂ ਸੂਬੇ ਵਿੱਚ ਚੋਣ ਪ੍ਰਚਾਰ ਲਈ ਲਿਆਂਦੇ ਗਏ ਸਮਰਥਕਾਂ ਨੂੰ ਦਿੱਤਾ ਹੈ, ਜਿਹੜੇ ਪੰਜਾਬ ਨਾਲ ਸਬੰਧ ਨਹੀਂ ਰੱਖਦੇ ਹਨ|
ਇਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਫ ਤੌਰ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ|
ਉਹ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਉਨ੍ਹਾਂ ਕੁਝ ਖ਼ਬਰਾਂ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੈਪਟਨ ਅਮਰਿੰਦਰ ਨੇ ਐਨ.ਆਰ.ਆਈਜ਼ ਨੂੰ ਪੰਜਾਬ ਲਈ ਬੇਗਾਨੇ ਦੱਸ ਕੇ ਉਨ੍ਹਾਂ ਦੀ ਨਿੰਦਾ ਕੀਤੀ ਹੈ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਅੰਦਰ ਨਹੀਂ ਵੜਨ ਦੇਣ ਦਾ ਵਾਅਦਾ ਕੀਤਾ ਹੈ|
ਜਿਸ ਤੇ, ਕੈਪਟਨ ਅਮਰਿੰਦਰ ਨੇ ਉਕਤ ਖ਼ਬਰਾਂ ਨੂੰ ਪੂਰੀ ਤਰ੍ਹਾਂ ਗਲਤ ਤੇ ਝੂਠ ਦੱਸਦਿਆਂ, ਕਿਹਾ ਕਿ ਸਾਫ ਤੌਰ ਤੇ ਇਨ੍ਹਾਂ ਨੂੰ ਐਨ.ਆਰ.ਆਈਜ਼, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਂਗਰਸ ਦੇ ਪੱਕੇ ਹਿਮਾਇਤੀ ਹਨ, ਨੂੰ ਵਿਸ਼ੇਸ਼ ਹਿੱਤਾਂ ਲਈ ਪਾਰਟੀ ਤੋਂ ਵੱਖ ਕਰਨ ਵਾਸਤੇ ਫੈਲਾਇਆ ਜਾ ਰਿਹਾ ਹੈ| ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੈਂਕੜੇ ਐਨ.ਆਰ.ਆਈਜ਼ ਪੰਜਾਬ ਅੰਦਰ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਹਿਮਾਇਤ ਵਿੱਚ ਪ੍ਰਚਾਰ ਕਰਨ ਵਾਸਤੇ ਪਹੁੰਚੇ ਹਨ|
ਇਸ ਲੜੀ ਹੇਠ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਕੁਝ ਸਿਆਸੀ ਦਲਾਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਕਿਸੇ ਵੀ ਤਰੀਕੇ ਨਾਲ ਪੰਜਾਬ ਦੀ ਸੱਤਾ ਹਾਸਿਲ ਕਰਨ ਵਾਸਤੇ ਇਸ ਪੱਧਰ ਤੱਕ ਡਿੱਗ ਜਾਣ ਤੇ ਅਫਸੋਸ ਪ੍ਰਗਟਾਇਆ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਰਹਿਣ ਵਾਲੇ ਸਾਡੇ ਵਿੱਚੋਂ ਕਈ ਲੋਕਾਂ ਦੇ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਦਹਾਕਿਆਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਹਨ| ਉਨ੍ਹਾਂ ਵਿੱਚੋਂ ਜ਼ਿਆਦਾਤਰ ਕੰਮ ਕਾਰਨ ਉਥੇ ਵੱਸ ਚੁੱਕੇ ਹਨ| ਲੇਕਿਨ ਉਨ੍ਹਾਂ ਦੀਆਂ ਜੜ੍ਹਾਂ ਹਾਲੇ ਵੀ ਪੰਜਾਬ ਵਿੱਚ ਹਨ ਅਤੇ ਉਹ ਸਾਡੇ ਪਰਿਵਾਰਾਂ ਦਾ ਹਿੱਸਾ ਬਣੇ ਹੋਏ ਹਨ| ਜਿਸ ਤੇ, ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਐਨ.ਆਰ. ਆਈਜ਼ ਨੂੰ ਉਨ੍ਹਾਂ ਦੀ ਜਨਮ ਭੂਮੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਸੋਚਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ ਹੈ|
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਫ ਤੌਰ ਤੇ ਇਹ ਗਲਤ ਪ੍ਰਚਾਰ ਕਾਂਗਰਸ ਦੇ ਐਨ.ਆਰ.ਆਈ ਸਮਰਥਨ ਅਧਾਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੇਠ ਕੀਤਾ ਜਾ ਰਿਹਾ ਹੈ,             ਪਰ ਅਜਿਹੀਆਂ ਹਰਕਤਾਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੀਆਂ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਐਨ.ਆਰ.ਆਈਜ਼ ਦੀ ਭਲਾਈ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ| ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਾਰਟੀ ਦੇ ਮੈਨੀਫੈਸਟੋ ਵਿੱਚ ਐਨ.ਆਰ.ਆਈ ਸਮੁਦਾਅ ਦੇ ਹਿੱਤਾਂ ਦੀ ਰਾਖੀ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ|
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੈਨੀਫੈਸਟੋ ਐਨ.ਆਰ.ਆਈਜ਼ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਇਕ ਵਿਆਪਕ ਨੀਤੀ ਬਣਾਏ ਜਾਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਤੇ ਇਸ ਨਾਲ ਜੁੜੇ ਮੁੱਦਿਆਂ ਨਾਲ ਨਿਪਟਣ ਲਈ ਐਨ.ਆਰ.ਆਈਜ਼ ਦਾ ਵਿਭਾਗ ਬਣਾਉਣ ਤੇ ਇਕ ਵਿਸ਼ੇਸ਼ ਭਾਗ ਹੈ, ਤਾਂ ਜੋ ਉਨ੍ਹਾਂ ਨੂੰ ਗੈਰ ਅਧਿਕਾਰਿਕ ਟ੍ਰੈਵਲ ਏਜੰਟਾਂ ਦੀ ਵੱਡੇ ਪੱਧਰ ਤੇ ਲੁੱਟ ਤੋਂ ਬਚਾਇਆ ਜਾ ਸਕੇ|
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੈਨਿਫੈਸਟੋ ਵਿੱਚ ਐਨ.ਆਰ.ਆਈਜ਼ ਨਾਲ ਕੀਤੇ ਗਏ ਵਾਅਦਿਆਂ ਦੀ ਪੂਰਤੀ ਪੁਖਤਾ ਕਰਨ ਵਾਸਤੇ ਉਹ ਵਿਅਕਤੀਗਤ ਤੌਰ ਤੇ ਵਚਨਬੱਧ ਹਨ|

Leave a Reply

Your email address will not be published. Required fields are marked *