ਐਨ. ਆਰ. ਆਈ. ਲੜਕੇ ਨਾਲ ਮੰਗਣੀ ਕਰਵਾਉਣ ਤੋਂ ਬਾਅਦ ਲੜਕੀ ਨੇ ਵਿਆਹ ਕਿਸੇ ਹੋਰ ਨਾਲ ਕਰਵਾਇਆ ਪੁਲੀਸ ਵਲੋਂ ਲੜਕੀ ਅਤੇ ਉਸਦੇ ਪਿਤਾ ਦੇ ਖਿਲਾਫ ਮਾਮਲਾ ਦਰਜ


ਐਸ. ਏ. ਐਸ. ਨਗਰ, 9 ਨਵੰਬਰ (ਸ.ਬ.) ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਐਨ. ਆਰ. ਆਈ. ਮੁੰਡਿਆਂ ਵਲੋਂ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਅਤੇ ਉਸਦੇ ਪਰਿਵਾਰ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਪਰੰਤੂ ਅਜਿਹਾ ਘੱਟ ਹੀ ਹੁੰਦਾ ਹੇ ਕਿ ਕਿਸੇ ਸਥਾਨਕ ਲੜਕੀ ਵਲੋਂ ਐਨ ਆਈ ਆਰ ਲੜਕੇ ਨਾਲ ਮੰਗਣੀ ਕਰਵਾਉਣ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਜਾਵੇ| ਅਜਿਹਾ ਇੱਕ ਮਾਮਲਾ ਇੱਥੇ ਸਾਮਣ੍ਹੇ ਆਇਆ ਹੈ ਜਿਸ ਵਿੱਚ ਜੀਰਕਪੁਰ ਦੀ ਵਸਨੀਕ ਇੱਕ ਲੜਕੀ ਵਲੋਂ ਇੱਕ ਐਨ. ਆਰ. ਆਈ. ਲੜਕੇ ਨਾਲ ਮੰਗਣੀ ਕਰਵਾਉਣ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ| ਇਸ ਲੜਕੀ ਦੇ ਪਰਿਵਾਰ ਤੇ ਇਹ ਵੀ ਇਲਜਾਮ ਹੈ ਕਿ ਉਹਨਾਂ ਵਲੋਂ ਐਨ ਆਰ ਆਈ ਲੜਕੇ ਦੇ ਪਰਿਵਾਰ ਵਲੋਂ ਲੜਕੀ ਨੂੰ ਮੰਗਣੀ ਦੌਰਾਨ ਜੋ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਦਿੱਤਾ ਗਿਆ ਸੀ, ਉਹ ਵੀ ਵਾਪਸ ਨਹੀਂ ਕੀਤਾ ਗਿਆ| 
ਇਸ ਮਾਮਲੇ ਵਿੱਚ ਐਨ. ਆਰ. ਆਈ. ਥਾਣਾ ਮੁਹਾਲੀ ਵਿਖੇ ਅਸ਼ੋਕ ਕੁਮਾਰ ਵਾਸੀ ਕੈਨੇਡਾ ਦੀ ਸ਼ਿਕਾਇਤ ਦੇ ਅਧਾਰ ਤੇ ਲੜਕੀ ਪ੍ਰਿਅੰਕਾ ਗੋਇਲ ਅਤੇ ਉਸ ਦੇ ਪਿਤਾ ਰਾਜ ਕੁਮਾਰ ਗੋਇਲ ਵਾਸੀ ਇੰਮਪੀਰੀਅਲ ਟਾਵਰ ਪੀਰ ਮੁਛੱਲਾ ਜ਼ੀਰਕਪੁਰ ਖਿਲਾਫ ਧਾਰਾ-406 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ, ਫਿਲਹਾਲ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਅਸ਼ੋਕ ਕੁਮਾਰ ਵਾਸੀ ਕੈਨੇਡਾ ਨੇ ਐਨ. ਆਰ. ਆਈ. ਵਿੰਗ ਦੇ ਪੁਲੀਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 2019 ਵਿੱਚ ਆਪਣੀ ਭਾਣਜੀ ਦੇ ਵਿਆਹ ਤੇ ਭਾਰਤ ਆਏ ਸਨ ਅਤੇ ਇਸ ਦੌਰਾਨ ਵਿਆਹ ਵਿੱਚ ਉਨਾਂ ਦੇ ਪੁਰਾਣੇ ਜਾਣਕਾਰ ਸੁਰਿੰਦਰ ਕੁਮਾਰ ਗੋਇਲ ਨੇ ਉਨਾਂ ਦੇ ਲੜਕੇ ਦੇ ਵਿਆਹ ਬਾਰੇ ਗੱਲਬਾਤ ਕੀਤੀ ਸੀ ਅਤੇ ਜ਼ੀਰਕਪੁਰ ਰਹਿੰਦੀ ਪ੍ਰਿਅੰਕਾ ਗੋਇਲ ਨਾਂ ਦੀ ਲੜਕੀ ਬਾਰੇ ਦੱਸ ਪਾਈ ਸੀ|  ਸ਼ਿਕਾਇਤ ਕਰਤਾ ਅਨੁਸਾਰ ਸੁਰਿੰਦਰ ਕੁਮਾਰ ਗੋਇਲ ਨੇ ਉਨਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਲੜਕੀ ਵਾਲੇ ਵਿਆਹ ਲਈ ਕਾਹਲੀ ਕਰ ਰਹੇ ਹਨ ਅਤੇ ਉਨਾਂ ਕਿਹਾ ਸੀ ਕਿ ਉਹ 6/7 ਮਹੀਨੇ ਤੱਕ ਇੰਡੀਆ ਨਹੀਂ ਆ ਸਕਦੇ ਜਿਸਤੋਂ ਬਾਅਦ ਸੁਰਿੰਦਰ ਕੁਮਾਰ ਗੋਇਲ (ਉਨਾਂ ਨੂੰ ਦੱਸੇ ਬਿਨਾਂ) ਲੜਕੀ ਵਾਲਿਆਂ ਦੇ ਘਰ ਜਾ ਕੇ ਉਨਾਂ ਦੇ ਲੜਕੇ ਸਾਹਿਲ ਦਾ ਰੋਕਾ ਪ੍ਰਿਅੰਕਾ ਗੋਇਲ ਨਾਲ ਕਰ ਆਇਆ ਸੀ|
ਸ਼ਿਕਾਇਤ ਕਰਤਾ ਅਨੁਸਾਰ 18 ਅਕਤੂਬਰ 2019 ਵਿੱਚ ਚੰਡੀਗੜ੍ਹ ਦੇ ਹੋਟਲ ਮਾਊਂਟਵਿਉ ਵਿੱਚ ਉਨਾਂ ਦੇ ਲੜਕੇ ਦੀ ਮੰਗਣੀ ਪ੍ਰਿਅੰਕਾ ਗੋਇਲ ਨਾਲ ਹੋਈ ਸੀ| ਇਸ ਮੰਗਣੀ ਵਿੱਚ ਉਨਾਂ ਵਲੋਂ ਪ੍ਰਿਅੰਕਾ ਗੋਇਲ ਨੂੰ  ਕਈ ਲੱਖ ਰੁਪਏ ਦਾ ਸਾਮਾਨ ਅਤੇ ਗਹਿਣੇ ਦਿੱਤੇ ਸਨ| ਸ਼ਿਕਾਇਤ ਕਰਤਾ ਅਨੁਸਾਰ ਮੰਗਣੀ ਕਰਨ ਤੋਂ ਬਾਅਦ ਉਹ ਕੈਨੇਡਾ ਆ ਗਏ ਅਤੇ ਲੜਕੀ ਪ੍ਰਿਅੰਕਾ ਗੋਇਲ ਨੇ ਉਨਾਂ ਦੇ ਲੜਕੇ ਨੂੰ ਫੋਨ ਕਰਕੇ ਕਿਹਾ ਕਿ ਇਹ ਮੰਗਣੀ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਪਰਿਵਾਰ ਵਲੋਂ ਕਰ ਦਿੱਤੀ ਗਈ ਹੈ| ਅਤੇ ਉਸਨੇ ਉਹਨਾਂ ਦੇ ਲੜਕੇ ਨੂੰ ਕਈ ਹੋਰ ਆਦਤਾਂ ਬਾਰੇ ਵੀ ਦੱਸਿਆ ਅਤੇ ਇਲਜਾਮ ਲਗਾਇਆ ਕਿ ਉਹਨਾਂ ਨੂੰ ਝੂਠ ਦੱਸ ਕੇ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ| 
ਇਸ ਸੰਬੰਧੀ ਪੁਲੀਸ ਵਲੋਂ ਕੀਤੀ ਗਈ ਪੜਤਾਲ ਵਿੱਚ ਇਹ ਗੱਲ ਸਾਮ੍ਹਣੇ ਆਈ ਕਿ ਪ੍ਰਿਅੰਕਾ ਗੋਇਲ ਅਤੇ ਉਸ ਦੇ ਪਿਤਾ ਰਾਜ ਕੁਮਾਰ ਗੋਇਲ ਨੇ ਐਨ. ਆਰ. ਆਈ. ਪਰਿਵਾਰ ਨਾਲ ਕੀਤੀ ਮੰਗਣੀ ਵਾਲੇ ਝਗੜੇ ਨੂੰ ਨਬੇੜਨ ਤੋਂ ਬਿਨਾਂ ਹੀ ਬੀਤੀ 23 ਅਗਸਤ 2020 ਨੂੰ ਪ੍ਰਿਅੰਕਾ ਗੋਇਲ ਦਾ ਵਿਆਹ ਸੁਕੇਸ਼ ਬਾਂਸਲ ਵਾਸੀ ਬਠਿੰਡਾ ਨਾਲ ਕਰਵਾ ਦਿੱਤਾ ਸੀ ਅਤੇ ਪ੍ਰਿਅੰਕਾ ਗੋਇਲ ਨੇ ਐਨ ਆਰ ਆਈ ਲੜਕੇ ਨਾਲ ਮੰਗਣੀ ਦੌਰਾਨ ਮਿਲੇ ਗਹਿਣੇ, ਨਗਦ ਅਤੇ ਹੋਰ ਸਮਾਨ ਹੁਣੇ ਵੀ ਆਪਣੇ ਕਬਜੇ ਵਿੰਚ ਹੀ ਬੱਖਿਆ ਹੋਹਿਆ ਹੈ ਜਿਸਤੋਂ ਬਾਅਦ ਪੁਲੀਸ ਵਲੋਂ ਇਸ ਲੜਕੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| 

Leave a Reply

Your email address will not be published. Required fields are marked *