ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਦਾ ਵਫਦ ਪ੍ਰਮੁੱਖ ਸਕੱਤਰ ਸਿਹਤ ਨੂੰ ਮਿਲਿਆ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਵਫਦ ਨੇ ਪ੍ਰਮੁੱਖ ਸਕੱਤਰ ਸਿਹਤ ਸ਼੍ਰੀਮਤੀ ਅੰਜਲੀ ਭੰਵਰਾ, ਮਿਸ਼ਨ ਡਾਇਰੈਕਟਰ-ਰਾਸ਼ਟਰੀ ਸਿਹਤ ਮਿਸ਼ਨ ਸ਼੍ਰੀ ਵਰੁਣ ਰੂਜਮ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਖੇ ਮੁਲਾਕਾਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਸਮੂਹ ਮੁਲਾਜ਼ਮਾਂ ਨੂੰ ਸਿੱਧੇ ਤੌਰ ਤੇ ਪੱਕੇ ਕਰਨ ਦਾ ਮੱਦਾ ਉਠਾਇਆ| ਉਹਨਾਂ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਦੀ ਨਿਯੁਕਤੀ ਭਰਤੀ ਦੀ ਉਹ ਸਾਰੀ ਪ੍ਰਕਿਰਿਆ ਪੂਰੀ ਕਰਕੇ ਹੋਈ ਹੈ ਜੋ ਕਿ ਇੱਕ ਪੱਕੇ ਮੁਲਾਜ਼ਮ ਲਈ ਹੁੰਦੀ ਹੈ| ਕੇਂਦਰ ਸਰਕਾਰ ਨੇ ਸਮੇਂ-ਸਮੇਂ ਸਿਰ ਇਹਨਾਂ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਲਈ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ| ਨੇੜਲੇ ਕਈ ਰਾਜਾਂ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰਾਜ ਸਰਕਾਰਾਂ ਨੇ ਪਾਲਿਸੀ ਬਣਾ ਕੇ ਸਿੱਧੇ ਤੌਰ ਤੇ ਪੱਕਾ ਕੀਤਾ ਹੈ| ਇਹਨਾਂ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਕੰਮ ਕਰਨ ਦਾ ਤਜ਼ਰਬਾ ਵੀ ਹੈ| ਇਸ ਲਈ ਪੰਜਾਬ ਰਾਜ ਵਿੱਚ ਮੁਲਾਜ਼ਮਾਂ ਦੀ ਰੈਗੁਲਰਾਈਜ਼ੇਸ਼ਨ ਲਈ ਬਣੇ ਐਕਟ ਨੂੰ ਤੁਰੰਤ ਲਾਗੂ ਕਰਦੇ ਹੋਏ ਇਹਨਾਂ ਸਮੂਹ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ| ਇਸ ਤੇ ਪ੍ਰਮੁੱਖ ਸਕੱਤਰ ਸਿਹਤ ਨੇ ਕਿਹਾ ਕਿ ਇਹ ਐਕਟ ਇਸ ਸਮੇਂ ਅਦਾਲਤ ਵਿੱਚ ਵਿਚਾਰਾਧੀਨ ਹੈ, ਇਸ ਲਈ ਸਰਕਾਰ ਫਿਲਹਾਲ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੀ|
ਇਸ ਮੌਕੇ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਮੁੱਖ ਮੈਂਬਰਾਂ ਵਜੋਂ ਜਨਰਲ ਸਕੱਤਰ ਮਨਿੰਦਰ ਸਿੰਘ, ਡਾ.ਪ੍ਰਿਅੰਕਾ ਭੰਡਾਰੀ, ਡਾ.ਦਿਲਬਾਗ ਸਿੰਘ, ਮਨਪ੍ਰੀਤ ਸਿੰਘ, ਵਿਰਾਟ, ਸ਼੍ਰੀ ਹਰਪਾਲ ਸੋਢੀ, ਸ਼੍ਰੀ ਅਵਤਾਰ ਸਿੰਘ, ਅਮਰਜੀਤ ਸਿੰਘ, ਡਾ.ਯੋਗੇਸ਼ ਸੱਚਦੇਵਾ, ਗੁਰਪ੍ਰਸ਼ਾਦ, ਪ੍ਰਿਤਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *