ਐਨ.ਆਰ.ਐਚ.ਐਮ. ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਡਾ.ਇੰਦਰਜੀਤ ਸਿੰਘ ਰਾਣਾ ਨੇ ਮੰਗ ਕੀਤੀ ਹੈ ਕਿ ਐਨ ਆਰ ਐਚ ਐਮ ਮੁਲਾਜਮਾਂ ਨੂੰ ਪੇਸ਼ ਮੁਸਕਿਲਾਂ ਦਾ ਹਲ ਕਰਕੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ|
ਇੱਥੇ ਜਾਰੀ ਇੱਕ ਬਿਆਨ ਵਿੱਚ ਡਾ. ਰਾਣਾ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.), ਪੰਜਾਬ ਅਧੀਨ ਹਜ਼ਾਰਾਂ ਦੀ ਗਿਣਤੀ ਵਿੱਚ ਪੁਰਸ਼ ਅਤੇ ਮਹਿਲਾ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਨ| ਦਿਨੋਂ ਦਿਨ ਵੱਧ ਰਹੇ ਕੰਮ ਦੇ ਬੋਝ ਕਾਰਨ ਇਹਨਾਂ ਮੁਲਾਜਮਾਂ ਨੂੰ ਸਰੀਰਿਕ ਅਤੇ ਮਾਨਸਿਕ ਪ੍ਰਤਾੜਨਾ ਝੱਲਣੀ ਪੈ ਰਹੀ ਹੈ| ਸਰਕਾਰ ਨੇ ਵਿਭਾਗ ਵਿੱਚ ਪੱਕੀਆਂ ਭਰਤੀਆਂ ਲਗਭਗ ਬੰਦ ਹੀ ਕਰ ਦਿੱਤੀਆਂ ਹਨ ਜਿਸ ਨਾਲ ਪੱਕੇ ਸਿਹਤ ਕਾਮਿਆਂ ਦੀ ਗਿਣਤੀ ਵਿਭਾਗ ਵਿੱਚ ਨਾਂਹ ਦੇ ਬਰਾਬਰ ਰਹਿ ਗਈ ਹੈ ਅਤੇ ਸਾਰੇ ਹੀ ਕੰਮ ਦਾ ਬੋਝ ਇਹਨਾਂ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਤੇ ਆ ਗਿਆ ਹੈ| ਉਹਨਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੀਆਂ ਏ.ਐਨ.ਐਮ. ਕਰਮਚਾਰਣਾਂ (ਮਲਟੀ-ਪਰਪਜ਼ ਹੈਲਥ ਵਰਕਰਜ਼-ਫੀਮੇਲ) ਹਸਪਤਾਲ ਵਿੱਚ ਜਣੇਪਾ, ਜਨਮ ਅਤੇ ਮੌਤ ਦੇ ਸਰਟੀਫਿਕੇਟ, ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਟੀਕੇ (ਈ.ਪੀ.ਆਈ. ਪ੍ਰੋਗਰਾਮ), ਮਿਸ਼ਨ ਇੰਦਰਧਨੁਸ਼, ਪਲਸ ਪੋਲੀਓ ਆਦਿ ਕਈ ਨੈਸ਼ਨਲ ਪ੍ਰੋਗਰਾਮਾਂ ਸਮੇਤ ਹੁਣ ਮੀਜ਼ਲਸ-ਰੁਬੈਲਾ ਪ੍ਰੋਗਰਾਮ ਤਹਿਤ ਸੂਬੇ ਦੇ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਹੀ ਬੱਚਿਆਂ ਨੂੰ ਟੀਕੇ ਅਤੇ ਆਯੂਸ਼ਮਾਨ ਭਾਰਤ ਤਹਿਤ ਸੂਬੇ ਦੇ ਲੋਕਾਂ ਦੀ ਸਿਹਤ ਦੀ ਨਿਗਰਾਨੀ ਅਤੇ ਉਹਨਾਂ ਦਾ ਪੰਜ ਲੱਖ ਦਾ ਬੀਮਾ ਕਰਨ ਦਾ ਕੰਮ ਵੀ ਇਹਨਾਂ ਦੇ ਸਿਰ ਤੇ ਪਾ ਦਿੱਤਾ ਹੈ| ਉਹਨਾਂ ਕਿਹਾ ਕਿ ਇਹਨਾਂ ਮੁਲਾਜਮਾਂ ਨੂੰ ਸਿਰਫ 10 ਹਜਾਰ ਰੁਪਏ ਤਨਖਾਹ ਦਿਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਘੱਟ ਹੈ| ਉਹਨਾ ਮੰਗ ਕੀਤੀ ਕਿ ਇਹਨਾਂ ਮੁਲਾਜਮਾਂ ਦੀ ਤਨਖਾਹ ਵਿਚ ਤੁਰੰਤ ਵਾਧਾ ਕੀਤਾ ਜਾਵੇ|

Leave a Reply

Your email address will not be published. Required fields are marked *