ਐਮ.ਪੀ. ਮਨੀਸ਼ ਤਿਵਾੜੀ ਨੇ ਪਾਰਲੀਮੈਂਟ ਵਿੱਚ ਚੁੱਕਿਆ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦਾ ਮੁੱਦਾ

ਰੂਪਨਗਰ, 14 ਸਤੰਬਰ (ਸ.ਬ.) ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਪਾਰਲੀਮੈਂਟ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਉਪਰ ਉਸਦੇ ਪੰਜਾਬੀ ਵਿਰੋਧੀ ਰਵਈਏ ਲਈ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਪੰਜ ਅਧਿਕਾਰਿਕ ਭਾਸ਼ਾਵਾਂ ਨੂੰ ਨੋਟੀਫਾਈ ਕਰਦਿਆਂ ਪੰਜਾਬੀ ਨੂੰ ਨਜਰਅੰਦਾਜ ਕਰਕੇ ਉਸ ਨਾਲ ਵਿਤਕਰਾ ਕੀਤਾ ਗਿਆ ਹੈ|
ਪਾਰਲੀਮੈਂਟ ਵਿੱਚ ਸਪੀਕਰ ਓਮ ਬਿਰਲਾ ਦੀ ਬੈਚ ਨੂੰ ਸੰਬੋਧਨ ਕਰਦਿਆਂ, ਸ੍ਰੀ ਤਿਵਾੜੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਨ 1808 ਵਿੱਚ ਜੰਮੂ ਉੱਪਰ ਆਪਣਾ ਅਧਿਕਾਰ ਜਮਾਇਆ ਸੀ| ਸਨ 1820 ਵਿੱਚ ਉਨ੍ਹਾਂ ਨੇ ਜੰਮੂ ਦੀ ਜਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਦਿੱਤੀ ਸੀ| ਜਦੋਂਕਿ ਸਨ 1822 ਵਿੱਚ ਉਨ੍ਹਾਂ ਨੇ ਖ਼ੁਦ ਮਹਾਰਾਜਾ ਗੁਲਾਬ ਸਿੰਘ ਦਾ ਜੰਮੂ ਦੇ ਰਾਜਾ ਵਜੋਂ ਆਪਣੇ ਹੱਥਾਂ ਨਾਲ ਰਾਜਤਿਲਕ ਕੀਤਾ ਸੀ| 
ਉਹਨਾਂ ਕਿਹਾ ਕਿ ਕਰੀਬ 200 ਸਾਲਾਂ ਤੋਂ ਜੰਮੂ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੰਜਾਬੀ ਦਾ ਬੋਲਬਾਲਾ ਹੈ ਅਤੇ ਜੰਮੂ ਤੇ ਕਸ਼ਮੀਰ ਵਿੱਚ ਪੰਜਾਬੀ ਅਤੇ ਉਸ ਦੀਆਂ ਕਈ ਉਪ-ਬੋਲੀਆਂ ਬੋਲੀਆਂ ਜਾਂਦੀਆਂ ਹਨ| 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਸ਼ਾਈ ਲੋਕ ਜੰਮੂ ਅਤੇ ਕਸ਼ਮੀਰ ਵਿੱਚ ਆ ਕੇ ਵੱਸ ਗਏ ਸਨ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2 ਸਤੰਬਰ, 2020 ਨੂੰ ਨੋਟੀਫਾਈ ਕੀਤੀਆਂ ਗਈਆਂ ਜੰਮੂ ਕਸ਼ਮੀਰ ਦੀਆਂ ਅਧਿਕਾਰਕ ਭਾਸ਼ਾਵਾਂ ਵਿੱਚ ਸਿਰਫ ਕਸ਼ਮੀਰੀ, ਡੋਗਰੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਨੂੰ ਸ਼ਾਮਿਲ ਕਰਦਿਆਂ, ਪੰਜਾਬੀ ਨਾਲ ਵਿਤਕਰਾ ਕੀਤਾ ਗਿਆ ਹੈ| ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਨੋਟੀਫਿਕੇਸ਼ਨ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ|

Leave a Reply

Your email address will not be published. Required fields are marked *