ਐਲਬਰਟਾ ਦੇ ਸਿੱਖਾਂ  ਨੂੰ ਹੈਲਮਟ ਸੰਬੰਧੀ ਨਿਯਮਾਂ ਵਿੱਚ ਮਿਲੀ ਸਭ ਤੋਂ ਵੱਡੀ ਛੋਟ

ਕੈਲਗਰੀ, 13 ਅਪ੍ਰੈਲ (ਸ.ਬ.) ਐਲਬਰਟਾ ਦੇ ਸਿੱਖਾਂ ਨੂੰ ਦਸਤਾਰ ਸੰਬੰਧੀ ਸਭ ਤੋਂ ਵੱਡੀ ਰਾਹਤ ਦਿੰਦੇ ਹੋਏ ਟ੍ਰੈਫਿਕ ਸੁਰੱਖਿਆ ਅਤੇ ਆਫ-ਹਾਈਵੇਅ ਵ੍ਹੀਕਲ ਨਿਯਮਾਂ ਵਿਚ ਸੋਧ ਕੀਤੀ ਗਈ ਹੈ| ਇਸ ਸੋਧ ਮੁਤਾਬਕ ਦਸਤਾਰਧਾਰੀ ਸਿੱਖਾਂ ਨੂੰ ਹੁਣ ਆਫ ਹਾਈਵੇਅ ਵ੍ਹੀਕਲ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ| ਯਾਨੀ ਕਿ ਦਸਤਾਰਧਾਰੀ ਸਿੱਖਾਂ ਨੂੰ ਹਾਈਵੇਅਜ਼ ਅਤੇ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਤੋਂ ਇਲਾਵਾ ਸਨੋਅ-ਮੋਬਾਈਲਜ਼ ਗੱਡੀਆਂ, ਡਰਟ ਬਾਈਕਜ਼, ਯੂ. ਟੀ. ਵੀ. ਵਾਹਨ, ਆਦਿ ਚਲਾਉਂਦੇ ਸਮੇਂ ਹੈਲਮਟ ਪਹਿਨਣ ਦੀ ਲੋੜ ਨਹੀਂ ਹੋਵੇਗੀ| ਇਹ ਸੰਬੰਧੀ ਕਾਨੂੰਨ 15 ਮਈ, 2017 ਤੋਂ ਲਾਗੂ ਹੋਵੇਗਾ| ਇੱਥੇ ਜਿਕਰਯੋਗ ਕਿ ਇਸ ਸੰਬੰਧੀ ਬਿੱਲ 36 ਵਿਚ ਪਬਲਿਕ ਥਾਵਾਂ ਤੇ ਇਨ੍ਹਾਂ ਵਾਹਨਾਂ ਨੂੰ ਚਲਾਉਣ ਸਮੇਂ ਹੈਲਮਟ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ ਅਤੇ ਅਜਿਹਾ ਨਾ ਕਰਨ ਵਾਲਿਆਂ ਲਈ ਜ਼ੁਰਮਾਨਾ ਵੀ ਨਿਰਧਾਰਤ ਕੀਤਾ ਗਿਆ ਹੈ ਪਰ ਦਸਤਾਰਧਾਰੀ ਸਿੱਖਾਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ|
ਹੈਲਮਟ ਲੋੜਾਂ ਸੰਬੰਧੀ ਐਡਮਿੰਟਨ ਵਿੱਚ 27 ਫਰਵਰੀ ਅਤੇ ਕੈਲਗਰੀ ਵਿੱਚ 1 ਮਾਰਚ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਿਊ. ਐਸ. ਓ.) ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਸਲਾਹ ਕੀਤੀ ਗਈ ਸੀ| ਐਲਬਰਟਾ ਦੀ ਸਰਕਾਰ ਨੇ ਹੈਲਮਟ ਲੋੜਾਂ ਵਿੱਚ ਦਸਤਾਰ ਸਜਾਉਣ ਵਾਲੇ ਸਿੱਖਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ| ਡਬਲਿਊ . ਐਸ. ਓ. ਦੇ ਵਾਈਸ ਪ੍ਰੈਜ਼ੀਡੈਂਟ ਤਜਿੰਦਰ ਸਿੰਘ ਸਿੱਧੂ ਨੇ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ| ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਲੋੜਾਂ ਦਾ ਧਿਆਨ ਰੱਖਦੇ ਹੋਏ ਇਹ ਛੋਟ ਦਿੱਤੀ ਹੈ| ਇੱਥੇ ਤੁਹਾਨੂੰ ਦੱਸ ਦੇਈਏ ਕਿ ਡਬਲਿਊ. ਐੱਸ. ਓ. ਕੈਨੇਡਾ ਦੀ ਇਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਕੈਨੇਡਾ ਦੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਚੁੱਕਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ|

Leave a Reply

Your email address will not be published. Required fields are marked *