ਐਲ. ਈ. ਡੀ. ਲਾਈਟਾਂ ਲਗਾਉਂਦਿਆਂ 2 ਮੁਲਾਜਮ ਡਿੱਗੇ

ਐਲ. ਈ. ਡੀ. ਲਾਈਟਾਂ ਲਗਾਉਂਦਿਆਂ 2 ਮੁਲਾਜਮ ਡਿੱਗੇ
ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ
ਭੁਪਿੰਦਰ ਸਿੰਘ
ਐਸ.ਏ.ਐਸ. ਨਗਰ, 14 ਜੁਲਾਈ

ਸ਼ਹਿਰ ਵਿੱਚ ਪੁਰਾਣੀਆਂ ਸਟ੍ਰੀਟ ਲਾਈਟਾਂ ਲਾਹ ਕੇ ਨਵੀਆਂ ਐਲ.ਈ.ਡੀ. ਲਾਈਟਾਂ ਲਗਾਉਣ ਵਾਲੀ ਕੰਪਨੀ ਦੇ 2 ਮੁਲਾਜਮ ਅੱਜ  ਇਹ ਲਾਈਟਾਂ ਫਿਟ ਕਰਨ ਵਾਲੀ ਗੱਡੀ ਦੀ ਲਿਫਟ ਦੇ ਅਚਾਨਕ ਹੇਠਾਂ ਆ ਜਾਣ ਕਾਰਨ ਲਿਫਟ ਤੋਂ ਡਿੱਗ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ| ਇਹਨਾਂ ਦੋਵਾਂ ਨੂੰ ਗੰਭੀਰ ਜਖਮੀ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਇਹਨਾਂ ਦੋਵਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ ਅਤੇ ਡਾਕਟਰਾਂ ਵਲੋਂ ਉਹਨਾਂ ਦਾ ਐਮਰਜੈਂਸੀ ਆਪਰੇਸ਼ਨ ਵੀ ਕੀਤਾ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਦੁਪਹਿਰ ਵੇਲੇ ਸੈਕਟਰ 67 ਵਿੱਚ ਉਸ ਵੇਲੇ ਵਾਪਰਿਆ ਜਦੋਂ ਐਲ. ਈ. ਡੀ. ਲਾਈਟ ਲਗਾਉਣ ਵਾਲੀ ਕ੍ਰੇਨ ਦੀ ਹਾਈਟ੍ਰੋਲਿਕ ਲਿਫ ਅਚਾਨਕ ਹੇਠਾਂ ਆ ਗਈ ਅਤੇ ਜਿਸ ਕਾਰਨ ਲਿਫਟ ਵਿੱਚ ਚੜ੍ਹ ਕੇ ਲਾਈਟਾਂ ਬਦਲ ਰਹੇ ਕਰਮਚਾਰੀ ਜਸਪਾਲ ਸਿੰਘ ਅਤੇ ਲਖਨਪਾਲ ਕਾਫੀ ਉਚਾਈ ਤੋਂ  ਹੇਠਾਂ ਡਿੱਗਣ ਕਾਰਨ ਗੰਭੀਰ ਜਖਮੀ ਹੋ ਗਏ| ਇਹਨਾਂ ਵਿੱਚੋਂ ਇੱਕ ਵਿਅਕਤੀ ਲਿਫਟ ਦਾ ਡ੍ਰਾਈਵਰ ਦੱਸਿਆ ਜਾ ਰਿਹਾ ਹੈ ਅਤੇ ਉਹ ਲਿਫਟ ਦੇ ਉੱਪਰ ਕੀ ਕਰ ਰਿਹਾ ਸੀ ਇਸ ਗੱਲ ਦਾ ਖੁਲਾਸਾ ਨਹੀਂ ਹੋ ਪਾਇਆ|
ਸ਼ਹਿਰ ਵਿੱਚ ਐਲ. ਈ. ਡੀ ਲਾਈਟਾਂ ਲਗਾਉਣ ਵਾਲੀ ਕੰਪਨੀ ਈ ਸਮਾਰਟ ਦੇ ਪ੍ਰੋਜੈਕਟ ਇੰਜੀਨੀਅਰ ਸ੍ਰੀ ਅਜੀਤ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਦੀ ਇੱਕ ਗੱਡੀ ਦੀ ਲਿਫਟ ਦੇ ਅਚਾਨਕ ਹੇਠਾਂ ਆ ਜਾਣ ਕਾਰਨ ਹੋਏ ਹਾਦਸੇ ਵਿੱਚ 2 ਵਿਅਕਤੀ ਜਖਮੀ ਹੋਏ ਹਨ| ਉਹਨਾਂ ਕਿਹਾ ਕਿ ਕੰਪਨੀ ਵਲੋਂ ਸ਼ਹਿਰ ਵਿੱਚ ਐਲ. ਈ. ਡੀ. ਲਾਈਟਾਂ ਬਦਲਣ ਦਾ ਇਹ ਕੰਮ ਅੱਗੇ ਠੇਕੇ ਤੇ ਦਿੱਤਾ ਗਿਆ ਹੈ ਅਤੇ ਜਖਮੀ ਹੋਏ ਕਰਮਚਾਰੀ ਠੇਕੇਦਾਰ ਦੇ ਹਨ| ਉਹਨਾਂ ਕਿਹਾ ਕਿ ਐਲ.ਈ. ਡੀ. ਵਾਹਨ ਵਿੱਚ ਡ੍ਰਾਈਵਰ ਸਮੇਤ ਤਿੰਨ ਜਾਂ ਚਾਰ ਕਰਮਚਾਰੀ ਹੁੰਦੇ ਹਨ ਅਤੇ ਲਿਫਟ ਵਿੱਚ ਇਲੈਕਟ੍ਰੀਸ਼ਿਅਨ ਉੱਪਰ ਜਾ ਕੇ ਲਾਈਟਾਂ ਬਦਲਦਾ ਹੈ| ਉਹਨਾਂ ਕਿਹਾ ਕਿ ਉਹ ਵੀ ਹੈਰਾਨ ਹਨ ਕਿ ਗੱਡੀ ਦਾ ਡ੍ਰਾਈਵਰ ਲਿਫਟ ਵਿੱਚ ਕੀ ਕਰ ਰਿਹਾ ਸੀ| ਉਹਨਾਂ ਕਿਹਾ ਕਿ ਗੱਡੀਆਂ ਵਿੱਚ ਹਾਈਡ੍ਰੋਲਿਕ ਲਿਫਟਾਂ ਲੱਗੀਆਂ ਹਨ ਅਤੇ ਇਹਨਾਂ ਦਾ ਪ੍ਰੈਸ਼ਰ ਕੱਢੇ ਬਿਨਾਂ ਇਹ ਹੇਠਾਂ ਨਹੀਂ ਆ ਸਕਦੀਆਂ| ਉਹਨਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹੇਠਾਂ ਬੈਠੇ ਕਰਮਚਾਰੀ ਨੇ ਲਿਫਟ ਦਾ ਪ੍ਰੈਸ਼ਰ ਰਿਲੀਜ ਕਰਨਾ ਵਾਲਾ ਬਟਨ ਦੱਬ ਕੇ ਪ੍ਰੈਸ਼ਰ ਕੱਢ ਦਿੱਤਾ| ਜਿਸ ਕਾਰਨ ਇਹ ਹਾਦਸਾ ਵਾਪਿਰਆ| ਉਹਨਾਂ ਕਿਹਾ ਕਿ ਉਹ ਠੇਕੇਦਾਰ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਰਹੇ ਹਨ ਅਤੇ ਇਸ ਸਬੰਧੀ ਕੰਪਨੀ ਵੱਲੋਂ   ਠੇਕੇਦਾਰ ਦੀ ਜਵਾਬਤਲਬੀ ਕਰਕੇ ਜਵਾਬਦੇਹੀ ਤੈਅ ਕੀਤੀ ਜਾਵੇਗੀ|
ਇੱਥੇ ਜਿਕਰਯੋਗ ਹੈ ਕਿ ਸਕਾਈ ਹਾਕ ਟਾਈਮਜ ਵੱਲੋਂ ਕੁਝ ਦਿਨ ਪਹਿਲਾਂ ਹੀ ਐਲ ਈ ਡੀ ਲਾਈਟਾ ਲਗਾਉਣ ਵਾਲੀਆਂ ਇਹਨਾਂ ਗੱਡੀਆਂ ਤੇ ਵਾਹਨ ਦਾਰਜਿਸਟਰੇਸ਼ਨ ਨੰਬਰ ਨਾ ਲਿਖੇ ਹੋਣ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਸੀ| ਇਸ ਸਬੰਧੀ ਕੰਪਨੀ ਦੇ ਠੇਕੇਦਾਰ ਸ੍ਰੀ ਲਲਿਤ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਲਿਫਟ ਵਿੱਚ ਕਿਸੇ ਵਰਕਰ ਵੱਲੋਂ ਅਚਾਨਕ ਬਟਨ ਦੱਬੇ ਜਾਣ ਕਾਰਨ ਵਾਪਰਿਆ ਹੈ| ਉਹਨਾਂ ਕਿਹਾ ਕਿ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ|
ਸੰਪਰਕ ਕਰਨ ਤੇ ਥਾਣਾ ਫੇਜ਼-11 ਦੇ ਮੁਨਸ਼ੀ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਜਾਂਚ ਲਈ ਪੁਲੀਸ ਅਧਿਕਾਰੀ ਨੂੰ ਫੋਰਟਿਸ ਹਸਤਪਾਲ ਭੇਜਿਆ ਗਿਆ ਹੈ|

Leave a Reply

Your email address will not be published. Required fields are marked *