ਐਲ.ਏ.ਸੀ. ਤੇ ਫੜੇ ਹੋਏ ਚੀਨੀ ਫ਼ੌਜੀ ਨੂੰ ਭਾਰਤੀ ਫ਼ੌਜ ਨੇ ਭੇਜਿਆ ਵਾਪਸ
ਜੰਮੂ, 11 ਜਨਵਰੀ (ਸ.ਬ.) ਭਾਰਤ ਨੇ ਲੱਦਾਖ ਵਿੱਚ ਸਰਹੱਦ ਤੇ ਫੜੇ ਗਏ ਚੀਨੀ ਫ਼ੌਜੀ ਨੂੰ ਵਾਪਸ ਕਰ ਦਿੱਤਾ ਹੈ। ਭਾਰਤੀ ਫ਼ੌਜ ਨੇ ਫੜੇ ਗਏ ਚੀਨ ਦੇ ਫ਼ੌਜੀ ਨੂੰ ਚੁਸ਼ੁਲ ਮੋਲਡੋ ਸਰਹੱਦ ਪੁਆਇੰਟ ਤੇ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਅੱਜ ਸਵੇਰੇ 10 ਵਜੇ ਸੌਂਪ ਦਿੱਤਾ। 8 ਜਨਵਰੀ ਦੀ ਸਵੇਰ ਇਹ ਫ਼ੌਜੀ ਪੈਂਗੋਂਗ ਝੀਲ ਦੇ ਦੱਖਣ ਵਿੱਚ ਐਲ.ਏ.ਸੀ. ਨੂੰ ਪਾਰ ਕੇ ਭਾਰਤੀ ਸਰਹੱਦ ਵਿੱਚ ਆ ਗਿਆ ਸੀ। ਉੱਥੇ ਤਾਇਨਾਤ ਭਾਰਤੀ ਜਵਾਨਾਂ ਨੇ ਇਸ ਚੀਨੀ ਫ਼ੌਜੀ ਨੂੰ ਗਿ੍ਰਫ਼ਤਾਰ ਕਰ ਲਿਆ। ਚੀਨ ਦੇ ਫ਼ੌਜੀ ਨਾਲ ਤੈਅ ਪ੍ਰਕਿ੍ਰਆ ਦੇ ਅਧੀਨ ਕਾਰਵਾਈ ਕੀਤੀ ਗਈ। ਜਿਨ੍ਹਾਂ ਸਥਿਤੀਆਂ ਵਿੱਚ ਚੀਨੀ ਫੌਜੀ ਐਲ.ਏ.ਸੀ. ਪਾਰ ਕਰ ਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ, ਇਸ ਦੀ ਵੀ ਜਾਂਚ ਕੀਤੀ ਗਈ। ਦੂਜੇ ਪਾਸੇ ਚੀਨੀ ਫ਼ੌਜੀ ਦੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਤੇ ਚੀਨ ਨੇ ਕਿਹਾ ਕਿ ਉਸ ਦਾ ਜਵਾਨ ਹਨ੍ਹੇਰੇ ਵਿੱਚ ਭਟਕ ਕੇ ਭਾਰਤੀ ਇਲਾਕੇ ਵਿੱਚ ਦਾਖ਼ਲ ਹੋ ਗਿਆ ਸੀ। ਚੀਨ ਨੇ ਭਾਰਤ ਤੋਂ ਆਪਣੇ ਫ਼ੌਜੀ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਅੱਜ ਭਾਰਤ ਨੇ ਚੀਨ ਦੇ ਫ਼ੌਜੀ ਨੂੰ ਪੀ.ਐਲ. ਏ. ਤੋਂ ਹਵਾਲੇ ਕਰ ਦਿੱਤੇ।
ਇਕ ਸਾਲ ਦੇ ਅੰਦਰ ਇਹ ਦੂਜਾ ਮਾਮਲਾ ਹੈ, ਜਦੋਂ ਚੀਨੀ ਫ਼ੌਜੀ ਭਟਕ ਨੇ ਭਾਰਤੀ ਇਲਾਕੇ ਵਿੱਚ ਆਏ ਅਤੇ ਬਾਅਦ ਵਿੱਚ ਭਾਰਤੀ ਫ਼ੌਜੀਆਂ ਨੇ ਉਸ ਨੂੰ ਚੀਨੀ ਫ਼ੌਜ ਨੂੰ ਵਾਪਸ ਕਰ ਦਿੱਤਾ। ਇਸ ਤੋਂ ਪਹਿਲਾਂ, ਭਾਰਤੀ ਫ਼ੌਜ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਪੂਰਬੀ ਲੱਦਾਖ ਦੇ ਚੁਮਾਰ-ਡੇਮਚੋਕ ਇਲਾਕੇ ਵਿੱਚ ਪੀ.ਐਲ.ਏ. ਦੇ ਇਕ ਫ਼ੌਜੀ ਨੂੰ ਫੜਿਆ ਸੀ। ਚੀਨੀ ਫ਼ੌਜੀ ਵਾਂਗ ਜਾ ਲੋਂਗ ਭਟਕ ਕੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਪਾਰ ਕਰ ਕੇ ਭਾਰਤੀ ਸਰਹੱਦ ਵਿੱਚ ਆਇਆ ਸੀ। ਬਾਅਦ ਵਿੱਚ ਉਸ ਨੂੰ ਚੀਨ ਨੂੰ ਸੌਂਪ ਦਿੱਤਾ ਗਿਆ ਸੀ।