ਐਲ. ਏ. ਸੀ. ਤੇ ਮੁੜ ਚੀਨ-ਭਾਰਤ ਫੌਜਾਂ ਵਿਚਾਲੇ ਝੜਪ ਚੀਨ ਦੇ 20 ਸੈਨਿਕ ਜ਼ਖਮੀ, ਸਿੱਕਮ ਵਿੱਚ ਭਾਰਤੀ ਸੈਨਿਕਾਂ ਨੇ ਖਦੇੜਿਆ

ਨਵੀਂ ਦਿੱਲੀ, 25 ਜਨਵਰੀ (ਸ.ਬ.) ਪੂਰਬੀ ਲੱਦਾਖ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ (ਐਲ. ਏ.ਸੀ.) ਉੱਤੇ ਭਾਰਤ ਅਤੇ ਚੀਨ ਦੀ ਸੈਨਾ ਵਿਚਾਲੇ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਸਿੱਕਮ ਦੇ ਨਾਕੂਲਾ ਵਿੱਚ ਚੀਨੀ ਸੈਨਾ ਨੇ ਬਾਰਡਰ ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਦੇ ਕੁਝ ਸੈਨਿਕ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਦੌਰਾਨ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਰੋਕ ਲਿਆ।

ਇਸ ਮਗਰੋਂ ਭਾਰਤ ਅਤੇ ਚੀਨੀ ਸੈਨਿਕਾਂ ਦੀ ਝੜਪ ਹੋ ਗਈ, ਜਿਸ ਵਿਚ 4 ਭਾਰਤੀ ਅਤੇ 20 ਚੀਨੀ ਸੈਨਿਕ ਜ਼ਖਮੀ ਹੋਏ ਹਨ। ਭਾਰਤੀ ਸੈਨਿਕਾਂ ਨੇ ਨਾ ਸਿਰਫ ਚੀਨ ਦੇ ਇਰਾਦਿਆਂ ਨੂੰ ਅਸਫਲ ਕੀਤਾ ਸਗੋਂ ਪੀ. ਐਲ. ਏ. ਦੇ ਸੈਨਿਕਾਂ ਨੂੰ ਵੀ ਖਦੇੜ ਦਿੱਤਾ। ਫਿਲਹਾਲ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਪਰ ਸਥਿਰ ਹੈ। ਭਾਰਤੀ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਖੇਤਰ ਦੇ ਨਾਲ-ਨਾਲ ਸਾਰੇ ਪੁਆਇੰਟਾਂ ਉੱਤੇ ਮੌਸਮ ਦੀ ਸਥਿਤੀ ਖਰਾਬ ਹੋਣ ਦੇ ਬਾਵਜੂਦ ਸਖਤ ਸਾਵਧਾਨੀ ਵਰਤੀ ਜਾ ਰਹੀ ਹੈ।

ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਪੂਰਬੀ ਲੱਦਾਖ ਵਿੱਚ ਗਤੀਰੋਧ ਵਾਲੇ ਬਿੰਦੂਆਂ ਤੋਂ ਸੈਨਿਕਾਂ ਨੂੰ ਹਟਾਉਣ ਉੱਤੇ 9ਵੇਂ ਦੌਰ ਦੀ ਵਾਰਤਾ ਦੌਰਾਨ ਕਰੀਬ 16 ਘੰਟੇ ਤੱਕ ਵਿਸਤ੍ਰਿਤ ਚਰਚਾ ਹੋਈ। ਸੂਤਰਾਂ ਨੇ ਇਸ ਸਬੰਧੀ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ ਵਾਰਤਾ ਐਤਵਾਰ ਸਵੇਰੇ ਕਰੀਬ ਸਾਢੇ 10 ਵਜੇ ਸ਼ੁਰੂ ਹੋਈ ਅਤੇ ਇਹ ਸੋਮਵਾਰ ਤੜਕੇ ਕਰੀਬ ਢਾਈ ਵਜੇ ਖਤਮ ਹੋਈ। ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਚੀਨ ਵੱਲੋਂ ਮੋਲਦੋ ਵਿੱਚ ਇਹ ਮੀਟਿੰਗ ਹੋਈ। ਮੀਟਿੰਗ ਦੇ ਨਤੀਜਿਆਂ ਬਾਰੇ ਪਤਾ ਨਹੀਂ ਚੱਲ ਪਾਇਆ ਹੈ।

ਗੱਲਬਾਤ ਬਾਰੇ ਵਿਚ ਜਾਣਕਾਰੀ ਰੱਖਣ ਵਾਲਿਆਂ ਮੁਤਾਬਿਕ ਭਾਰਤ ਨੇ ਜ਼ੋਰ ਦਿੱਤਾ ਕਿ ਖੇਤਰ ਵਿੱਚ ਗਤੀਰੋਧ ਵਾਲੇ ਸਥਾਨਾਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਲਿਜਾਉਣ ਅਤੇ ਤਣਾਅ ਘੱਟ ਕਰਨ ਦੀ ਜ਼ਿੰਮੇਵਾਰੀ ਚੀਨ ਉੱਤੇ ਹੈ। ਪੂਰਬੀ ਲੱਦਾਖ ਵਿੱਚ ਵੱਖ-ਵੱਖ ਪਰਬਤੀ ਖੇਤਰਾਂ ਵਿੱਚ ਕਰੀਬ 50,000 ਭਾਰਤੀ ਜਵਾਨ ਤਾਇਨਾਤ ਹਨ। ਅਧਿਕਾਰੀਆਂ ਮੁਤਾਬਿਕ ਚੀਨ ਨੇ ਵੀ ਇੰਨ੍ਹੀ ਹੀ ਗਿਣਤੀ ਵਿੱਚ ਆਪਣੇ ਸੈਨਿਕ ਤਾਇਨਾਤ ਕੀਤੇ ਹਨ।

Leave a Reply

Your email address will not be published. Required fields are marked *