ਐਵਰੇਜ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਭੇਜ ਕੇ ਪੰਜਾਬ ਸਰਕਾਰ ਭਰ ਰਹੀ ਹੈ ਖਜ਼ਾਨੇ : ਦਾਊਂ

ਐਵਰੇਜ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਭੇਜ ਕੇ ਪੰਜਾਬ ਸਰਕਾਰ ਭਰ ਰਹੀ ਹੈ ਖਜ਼ਾਨੇ : ਦਾਊਂ
ਠੇਕੇਦਾਰਾਂ ਵੱਲੋਂ ਤਨਖਾਹਾਂ ਨਾ ਦੇਣ ਕਾਰਨ ਹੋ ਰਿਹਾ ਹੈ ਵਰਕਰਾਂ ਦਾ ਸ਼ੋਸ਼ਣ
ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਕੋਰੋਨਾ ਮਹਾਂਮਾਰੀ ਕਾਰਨ ਬੰਦ ਪਏ ਘਰਾਂ ਅਤੇ ਦੁਕਾਨਾਂ ਦੇ ਵੱਡੇ ਵੱਡੇ ਐਵਰੇਜ ਦੇ ਹਿਸਾਬ ਨਾਲ ਬਿੱਲ ਭੇਜ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ| ਇਹ ਵੱਡੇ ਐਵਰੇਜ ਬਿੱਲ ਭਰਨ ਤੋਂ ਅਸਮਰੱਥ ਲੋਕ ਕਾਰਪੋਰੇਸ਼ਨ ਦੇ ਦਫਤਰਾਂ ਵਿੱਚ ਰੋਜ਼ਾਨਾ ਖੱਜਲ ਹੋ ਰਹੇ ਹਨ|
ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਸ਼ੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਜਾ ਰਹੀ ਹੈ ਅਤੇ ਸਿਰਫ ਜਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਲੋਕਾਂ ਨੂੰ ਵਾਧੂ ਦੇ ਬਿਜਲੀ ਬਿੱਲ ਭੇਜ ਕੇ ਪ੍ਰੇਸ਼ਾਨ ਕਰ ਰਹੀ ਹੈ| ਜਿਸ ਕਾਰਨ ਹਰ ਖਪਤਕਾਰ ਨੂੰ ਬਿਜਲੀ ਦੇ ਇਨ੍ਹਾਂ ਬਿੱਲਾਂ ਨੂੰ ਠੀਕ ਕਰਵਾਉਣ ਲਈ ਦਫਤਰ ਦੇ ਕਈ ਚੱਕਰ ਲਗਾਉਣੇ ਪੈਂਦੇ ਹਨ|
ਉਹਨਾਂ ਕਿਹਾ ਕਿ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰਕੇ ਦਫਤਰਾਂ ਦੇ ਦਰਵਾਜੇ ਬੰਦ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਖਿੜਕੀਆਂ ਤੇ ਧੱਕਿਆ ਜਾ ਰਿਹਾ ਹੈ ਜਿਸ ਕਾਰਨ ਦਫਤਰਾਂ ਦੇ ਬਾਹਰ ਵੱਡੀ ਭੀੜ ਜਮ੍ਹਾਂ ਹੋ ਜਾਂਦੀ ਹੈ ਅਤੇ ਘੰਟਿਆਂ ਬੱਧੀ ਲਾਈਨਾਂ ਵਿੱਚ ਲੱਗ ਕੇ ਵੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ| ਉਹਨਾਂ ਕਿਹਾ ਕਿ ਜੇਕਰ ਇੱਥੇ ਕੋਈ ਕੋਰੋਨਾ ਮਰੀਜ਼ ਆ ਗਿਆ ਤਾਂ ਬਿਜਲੀ ਬੋਰਡ ਵਿਖੇ ਵੱਡੀ ਗਿਣਤੀ ਲੋਕ ਕੋਰੋਨਾ ਦਾ ਵੱਡਾ ਧਮਾਕਾ ਕਰ ਸਕਦੇ ਹਨ| ਜਿਸਦੀ ਜਿੰਮੇਵਾਰੀ ਸਿੱਧੀ ਵਿਭਾਗ ਦੀ ਹੋਵੇਗੀ| ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਜਿੰਮੇਵਾਰ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇ ਕੇ ਲੋਕਾਂ ਨੂੰ ਇਸ ਮਹਾਂਮਾਰੀ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਚਾਹੀਦਾ ਹੈ|ਉਹਨਾਂ ਕਿਹਾ ਕਿ ਕੋਰੋਨਾ ਮਾਹਾਂਮਾਰੀ ਦੀ ਆੜ ਵਿੱਚ ਪੀ.ਐਸ.ਪੀ. ਸੀ.ਐਲ. ਹੁਣ 40 ਹਜ਼ਾਰ ਪੱਕੀਆਂ ਨੌਕਰੀਆਂ ਖਤਮ ਕਰ ਰਹੀ ਹੈ ਅਤੇ ਇਨ੍ਹਾਂ ਖਤਮ ਹੋਈਆਂ ਨੌਕਰੀਆਂ ਨੂੰ ਠੇਕੇ ਸਿਸਟਮ ਹੇਠਾਂ ਲਿਆਉਣ ਲਈ ਤਿਆਰੀਆਂ ਵਿੱਢ ਰਹੀ ਹੈ ਜੋ ਕਿ ਕਈ-ਕਈ ਸਾਲਾਂ ਤੋਂ ਕਾਰਪੋਰੇਸ਼ਨ ਦੀ ਸੇਵਾ ਕਰ ਰਹੇ ਮੁਲਾਜਮਾਂ ਨਾਲ ਵੱਡਾ ਧੱਕਾ ਹੈ|

Leave a Reply

Your email address will not be published. Required fields are marked *