ਐਸ ਆਈ ਟੀ ਨੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਤੱਕ ਕੀਤੀ ਪੁਛਗਿੱਛ

ਐਸ ਆਈ ਟੀ ਨੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਤੱਕ ਕੀਤੀ ਪੁਛਗਿੱਛ
ਪਹਿਲਾਂ ਪਹੁੰਚੀ ਟੀਮ ਨੂੰ ਬਾਦਲ ਨੇ ਪਰਤਾਇਆ ਬੈਰੰਗ
ਚੰਡੀਗੜ੍ਹ, 16 ਨਵੰਬਰ (ਸ.ਬ.) ਕੋਟਕਪੂਰਾ ਅਤੇ ਬਹਿਬਲ ਕਲਾਂ ਘਟਨਾ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਤਕਰੀਬਨ 40 ਮਿੰਟ ਤਕ ਪੁੱਛਗਿੱਛ ਕੀਤੀ ਗਈ| ਹਾਲਾਂਕਿ ਪਹਿਲਾਂ (ਅੱਜ ਸਵੇਰੇ) ਜਦੋਂ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਲਈ ਗਈ ਸੀ ਉਦੋਂ ਉਹ ਉਨ੍ਹਾਂ ਤੋਂ ਪੁੱਛਗਿੱਛ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ ਸੀ ਕਿਉਂਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕਰਨ ਵਾਲੇ ਐਸ ਆਈ ਟੀ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਜਦੋਂ ਸ੍ਰ. ਬਾਦਲ ਦੇ ਸੈਕਟਰ ਚਾਰ ਸਥਿਤ ਗ੍ਰਹਿ ਵਿਖੇ ਪਹੁੰਚੇ ਸਨ ਤਾਂ ਸ੍ਰ. ਬਾਦਲ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ| ਸ੍ਰ. ਬਾਦਲ ਨੇ ਐਸਆਈਟੀ ਅਧਿਕਾਰੀ ਨੂੰ ਕਿਹਾ ਸੀ ਕਿ ਐਸ ਆਈ ਟੀ ਦੇ ਸਵਾਲਾਂ ਦੇ ਜਵਾਬ ਸਿਰਫ਼ ਇਸ ਦੇ ਮੁਖੀ ਨੂੰ ਹੀ ਦੇਣਗੇ| ਉਸ ਵੇਲੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਸ੍ਰ. ਬਾਦਲ ਨਾਲ ਐਸਆਈਟੀ ਦੇ ਮੁਖੀ ਏ ਡੀ ਜੀ ਪੀ ਸ੍ਰੀ ਪ੍ਰਬੋਧ ਕੁਮਾਰ ਨਾਲ ਗੱਲਬਾਤ ਵੀ ਕਰਵਾਈ ਪਰ ਉਹ ਨਹੀਂ ਮੰਨੇ ਸੀ| ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ੍ਰ. ਬਾਦਲ ਨੂੰ ਭਰੋਸਾ ਦਿੱਤਾ ਕਿ ਐਸਆਈਟੀ ਮੁਖੀ ਜਲਦ ਹੀ ਉੱਥੇ ਪਹੁੰਚ ਜਾਣਗੇ ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਆਪਣੀ ਰਿਹਾਇਸ਼ ਵਿੱਚ ਵਾਪਸ ਚਲੇ ਗਏ|
ਥੋੜ੍ਹੇ ਸਮੇਂ ਬਾਅਦ ਐਸ ਆਈ ਟੀ ਦੇ ਮੁਖੀ ਸ੍ਰੀ ਪ੍ਰਬੋਧ ਕੁਮਾਰ ਖੁਦ ਬਾਦਲ ਦੀ ਰਿਹਾਇਸ਼ ਤੇ ਪਹੁੰਚੇ| ਉਹਨਾਂ ਨਾਲ ਐੱਸ.ਆਈ.ਟੀ ਦੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸਨ| ਐਸ ਆਈ ਟੀ ਵਲੋਂ ਸ੍ਰ ਬਾਦਲ ਤੋਂ ਕਰੀਬ 40 ਮਿੰਟ ਤਕ ਪੁਛਗਿਛ ਕੀਤੀ ਗਈ|
ਸ੍ਰ ਬਾਦਲ ਤੋਂ ਪੁਛਗਿੱਛ ਕਰਨ ਤੋਂ ਬਾਅਦ ਪੱਤਰਕਾਰਾਂ ਵਲੋਂ ਪੁਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਟਲਦਿਆਂ ਐਸ.ਆਈ.ਟੀ ਦੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰ. ਬਾਦਲ ਤੋਂ ਜੋ ਸਵਾਲ ਪੁੱਛੇ ਗਏ ਸਨ, ਉਸ ਦੇ ਜਵਾਬ ਉਨ੍ਹਾਂ ਦੇ ਦਿੱਤੇ ਹਨ ਅਤੇ ਉਹਨਾਂ ਨੇ ਹੋਰ ਕੁੰਝ ਦੱਸਣ ਤੋਂ ਇਨਕਾਰ ਕਰ ਦਿੱਤਾ|
ਐਸ ਆਈ ਟੀ ਟੀਮ ਵਲੋਂ ਪੁੱਛਗਿੱਛ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸ ਆਈ ਟੀ ਤਾਂ ਉਨ੍ਹਾਂ ਵਲੋਂ ਦਿੱਤੇ ਜਵਾਬਾਂ ਤੋਂ ਸੰਤੁਸ਼ਟ ਹੈ ਪਰ ਫੈਸਲਾ ਤਾਂ ਉਹੀ ਹੋਣਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਆ ਜਾਣਾ ਹੈ| ਉਨ੍ਹਾਂ ਕਿਹਾ ਕਿ ਅਜਿਹਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਾਬਕਾ ਮੁੱਖ ਮੰਤਰੀ ਨੂੰ 307 ਦੇ ਮੁਕੱਦਮੇ ਵਿੱਚ ਗਵਾਹ ਦੇ ਤੌਰ ਤੇ ਬੁਲਾਇਆ ਗਿਆ ਹੋਵੇ| ਉਹਨਾਂ ਕਿਹਾ ਕਿ ਉਨ੍ਹਾਂ ਨੇ ਕਦੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ|
ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਉਨ੍ਹਾਂ ਨੂੰ ਗਵਾਹ ਤੋਂ ਮੁਲਜ਼ਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਿੱਟ ਤਾਂ ਸਿਰਫ ਆਪਣੀ ਡਿਊਟੀ ਨਿਭਾਅ ਰਹੀ ਹੈ| ਸ੍ਰ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਤਿੰਨ ਘਰ ਹਨ ਅਤੇ ਤਿੰਨਾਂ ਵਿੱਚ ਹੀ ਪੰਜੇ ਬਾਣੀਆਂ ਦਾ ਪਾਠ ਹੁੰਦਾ ਹੈ, ਫਿਰ ਉਹ ਗੁਰੂ ਗ੍ਰੰਥ ਸਾਹਿਬ ਖਿਲਾਫ ਕਿਵੇਂ ਜਾ ਸਕਦੇ ਹਨ| ਉਹਨਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੇਅਦਬੀ ਮਾਮਲਿਆਂ ਸਬੰਧੀ ਵਿਸ਼ੇਸ਼ ਜਾਂਚ ਕਮੇਟੀ ਬਣਾਈ ਸੀ ਅਤੇ ਇਹ ਕਾਨੂੰਨ ਪਾਸ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ 10 ਸਾਲ ਦੀ ਕੈਦ ਹੋਵੇ, ਫਿਰ ਉਹ ਗੁਰੂ ਗ੍ਰੰਥ ਸਾਹਿਬ ਖਿਲਾਫ ਕਿਵੇਂ ਬੋਲ ਸਕਦੇ ਹਨ|

Leave a Reply

Your email address will not be published. Required fields are marked *