ਐਸ ਏ ਐਸ ਨਗਰ ਦੀ ਤਰਜ ਤੇ ਕਰਵਾਇਆ ਜਾਵੇਗਾ ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਦਾ ਵਿਕਾਸ : ਸਿੱਧੂ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਦਾ ਵਿਕਾਸ ਮੁਹਾਲੀ ਸ਼ਹਿਰ ਦੀ ਤਰਜ ਉਤੇ ਕੀਤਾ ਜਾਵੇਗਾ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਇਸ ਖੇਤਰ ਨੂੰ ਜਲਦ ਹੀ ਪੰਜਾਬ ਸਰਕਾਰ ਕੋਲੋਂ ਮੁਹਾਲੀ ਨਗਰ ਨਿਗਮ ਦੀ ਹੱਦ ਵਿਚ ਸ਼ਾਮਿਲ ਕਰਵਾਇਆ ਜਾਵੇਗਾ| ਇਹ ਗੱਲ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਬਲੌਂਗੀ ਵਿਖੇ ਆਯੋਜਿਤ ਇਕ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ| ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਤੀਜੀ ਵਾਰ ਮਿਲੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਪਿੰਡ ਬਲੌਂਗੀ ਦੇ ਲੋਕਾਂ ਦੁਆਰਾ ਵਿਧਾਇਕ ਸ. ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|
ਕਾਂਗਰਸੀ ਆਗੂ ਬੀ.ਸੀ. ਪ੍ਰੇਮੀ ਦੀ ਅਗਵਾਈ ਹੇਠ ਕਰਵਾਏ ਇਸ ਸਨਮਾਨ ਸਮਾਗਮ ਦੌਰਾਨ ਬੋਲਦਿਆਂ ਸ. ਸਿੱਧੂ ਨੇ ਆਪਣੀ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਦਿਆਂ ਕਿਹਾ ਕਿ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਕੀਤੇ ਗਏ ਇਕ ਇਕ ਵਾਅਦੇ ਨੂੰ ਉਹ ਹਰ ਹੀਲੇ ਪੂਰਾ ਕਰਨਗੇ| ਉਨ੍ਹਾਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਬਲੌਂਗੀ ਇਲਾਕੇ ਦੇ ਵਿਕਾਸ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਥੋਂ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹੁਣ ਬਹੁਤ ਜਲਦ ਹੀ ਕੈਪਟਨ ਸਰਕਾਰ ਦੁਆਰਾ ਇਸ ਇਲਾਕੇ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ ਜਿਸ ਨਾਲ ਇਸ ਪੂਰੇ ਇਲਾਕੇ ਦੀ ਨੁਹਾਰ ਬਦਲ ਜਾਵੇਗੀ| ਉਨ੍ਹਾਂ ਕਿਹਾ ਕਿ ਉਹ ਇਸ ਖੇਤਰ ਦੇ ਵਿਕਾਸ ਨੂੰ ਲੈ ਕੇ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੂਰੀ ਸਥਿਤੀ ਤੋਂ ਜਾਣੂੰ ਕਰਵਾਉਣਗੇ ਤਾਂ ਕਿ ਜਿਆਦਾ ਤੋਂ ਜਿਆਦਾ ਫੰਡ ਇਥੇ ਵਿਕਾਸ ਕਾਰਜਾਂ ਲਈ ਲਿਆਂਦੇ ਜਾ ਸਕਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਚਰਨ ਸਿੰਘ ਭੰਵਰਾ, ਕੁਲਵਿੰਦਰ ਕਾਲਾ, ਕੁਲਦੀਪ ਸਿੰਘ ਬਿੱਟੂ, ਚੌ.ਹਰੀਪਾਲ ਚੋਲਟਾ ਕਲਾਂ, ਮਨਜੀਤ ਸਿੰਘ, ਦਵਿੰਦਰ ਸਿੰਘ ਬੱਬੂ, ਕ੍ਰਿਸ਼ਨ ਕੁਮਾਰ, ਮਮਤਾ ਜੈਨ, ਗਾਇਤਰੀ ਦੇਵੀ, ਹਰਿੰਦਰ ਰਾਣਾ, ਕੁਲਵੰਤ ਰਾਣਾ, ਪਰਮਜੀਤ ਸਿੰਘ ਜੰਡੂ, ਪ੍ਰਿਤਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *