ਐਸ ਏ ਐਸ ਨਗਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਨਾ ਨਿਕਲਿਆ ਕੋਈ ਹੱਲ

ਐਸ ਏ ਐਸ ਨਗਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਨਾ ਨਿਕਲਿਆ ਕੋਈ ਹੱਲ
ਸ਼ਹਿਰ ਦੀ ਪਹਿਚਾਣ ਬਣ ਕੇ ਰਹਿ ਗਈਆਂ ਹਨ ਵੱਖ ਵੱਖ ਸਮੱਸਿਆਵਾਂ
ਐਸ ਏ ਐਸ ਨਗਰ, 10 ਜਨਵਰੀ (ਸ.ਬ.) ਚੰਡੀਗੜ੍ਹ ਦੀ ਪਹਿਚਾਣ ਜਿੱਥੇ ਉਸਦੀ ਖੂਬਸੂਰਤੀ ਤੋਂ ਕੀਤੀ ਜਾਂਦੀ ਹੈ, ਉਥੇ ਚੰਡੀਗੜ੍ਹ ਦੇ ਬਿਲਕੁਲ ਨਾਲ ਵਸੇ ਐਸ ਏ ਐਸ ਨਗਰ ਦੀ ਪਹਿਚਾਣ ਅਜਿਹੀਆਂ ਕਈ ਵੱਡੀਆਂ ਸਮੱਸਿਆਵਾਂ ਹਨ, ਜਿਹਨਾਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੇਂਦੀ ਹੈ| ਪੰਜਾਬ ਸਰਕਾਰ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਐਸ ਏ ਐਸ ਨਗਰ ਦਾ ਵਿਸ਼ਵ ਪੱਧਰੀ ਵਿਕਾਸ ਕੀਤਾ ਗਿਆ ਹੈ| ਸਥਾਨਕ ਪ੍ਰਸ਼ਾਸਨ ਅਤੇ ਨਗਰ ਨਿਗਮ ਐਸ ਏ ਐਸ ਨਗਰ ਵਲੋਂ ਵੀ ਸ਼ਹਿਰ ਵਾਸੀਆਂ ਨੂੰ ਚੰਡੀਗੜ੍ਹ ਵਰਗੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਅਸਲੀਅਤ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਨਗਰ ਨਿਗਮ ਐਸ ਏ ਐਸ ਨਗਰ ਦੇ ਵਲੋਂ ਕੀਤੇ ਜਾਂਦੇ ਇਹ ਸਾਰੇ ਦਾਅਵੇ ਉਦੋਂ ਹਵਾ ਹਵਾਈ ਹੋ ਜਾਂਦੇ ਹਨ ਜਦੋਂ ਸ਼ਹਿਰ ਦੇ ਵਸਨੀਕ ਆਪਣੇ ਆਪ ਨੂੰ ਵੱਖ ਵੱਖ ਸਮੱਸਿਆਵਾਂ ਵਿੱਚ ਘਿਰਿਆ ਵੇਖਦੇ ਹਨ|
ਸਾਲ 2018 ਦੋਰਾਨ ਐਸ ਏ ਐਸ ਨਗਰ ਦੇ ਵਸਨੀਕ ਮੰਗਤਿਆਂ, ਨਾਜਾਇਜ ਕਬਜਿਆਂ, ਆਵਾਰਾ ਤੇ ਪਾਲਤੂ ਡੰਗਰਾਂ ਤੇ ਕੁੱਤਿਆਂ, ਨਕਲੀ ਤੇ ਮਿਲਾਵਟੀ ਸਮਾਨ ਦੀ ਵਿਕਰੀ, ਆਵਾਜਾਈ ਦੀ ਸਮੱਸਿਆ, ਆਟੋ ਵਾਲਿਆਂ ਵਲੋਂ ਕੀਤੀ ਜਾਂਦੀ ਲੁੱਟ, ਨਵੇਂ ਬੱਸ ਅੱਡੇ ਦੇ ਸਹੀ ਤਰੀਕੇ ਨਾਲ ਨਾ ਚਾਲੂ ਹੋਣ, ਸਫਾਈ ਵਿਵਸਥਾ ਦੀ ਬਦਹਾਲੀ, ਸੜਕਾਂ ਵਿੱਚ ਪਏ ਖੱਡਿਆਂ, ਬਰਸਾਤੀ ਪਾਣੀ ਦੀ ਠੀਕ ਢੰਗ ਨਾਲ ਨਿਕਾਸੀ ਨਾ ਹੋਣ, ਸੀਵਰੇਜ ਜਾਮ, ਜਨਤਕ ਥਾਵਾਂ ਉਪਰ ਹੁੰਦੀ ਸਿਗਰਟਨੋਸ਼ੀ, ਨੌਜਵਾਨਾਂ ਵਲੋਂ ਕੀਤੀ ਜਾਂਦੀ ਹੁਲੜਬਾਜੀ ਵਰਗੀਆਂ ਅਹਿਮ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਰਹੇ ਹਨ| ਸਥਾਨਕ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਭਾਵੇਂ ਇਹਨਾਂ ਤਮਾਮ ਸਮੱੱਸਿਆਵਾਂ ਨੂੰ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਇਹ ਸਮੱਸਿਆਵਾਂ ਬ ਹੁਤ ਵਿਕਰਾਲ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ|
ਸ਼ਹਿਰ ਦਾ ਹਾਲ ਇਹ ਹੈ ਕਿ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਮੰਗਤਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਹੜੇ ਲੋਕਾਂ ਨੂੰ ਘੇਰਾ ਪਾ ਲੈਂਦੇ ਹਨ| ਇਹਨਾਂ ਮੰਗਤਿਆਂ ਵਿੱਚ ਨੌਜਵਾਨ ਔਰਤਾਂ, ਛੋਟੇ ਬੱਚਿਆਂ ਅਤੇ ਸਾਧਾਂ ਵਰਗੇ ਭੇਖ ਬਣਾਈ ਫਿਰਦੇ ਵਿਹਲੜ ਨੌਜਵਾਨਾਂ ਦੀ ਗਿਣਤੀ ਵੀ ਕਾਫੀ ਹੈ| ਇਹ ਮੰਗਤੇ ਸ਼ਹਿਰ ਵਿੱਚ ਆਉਣ ਵਾਲਿਆਂ ਅਤੇ ਸ਼ਹਿਰ ਦੇ ਵਸਨੀਕਾਂ ਦੇ ਪਿਛੇ ਪੈ ਜਾਂਦੇ ਹਨ| ਟ੍ਰੈਫਿਕ ਲਾਈਟ ਪੁਆਂਇੰਟਾਂ ਤੇ ਖੜਦੇ ਵਾਹਨਾਂ ਅੰਦਰ ਬੈਠੇ ਲੋਕਾਂ ਤੋਂ ਭੀਖ ਮੰਗਦੇ ਇਹ ਮੰਗਤੇ ਵਾਹਨਾਂ ਵਿੱਚ ਪਿਆ ਕੀਮਤੀ ਸਮਾਨ ਵੀ ਤਾੜ ਲੈਂਦੇ ਹਨ, ਅਤੇ ਕਈ ਵਾਰ ਮੌਕਾ ਵੇਖ ਕੇ ਕੀਮਤੀ ਸਮਾਨ ਗਾਇਬ ਵੀ ਕਰ ਦਿੰਦੇ ਹਨ|
ਸ਼ਹਿਰ ਦੀ ਦੂਜੀ ਵੱਡੀ ਸਮੱਸਿਆ ਸ਼ਹਿਰ ਵਿੱਚ ਫਿਰਦੇ ਆਵਾਰਾ ਡੰਗਰਾਂ ਤੇ ਪਾਲਤੂ ਡੰਗਰਾਂ ਦੀ ਹੈ| ਇਹਨਾਂ ਡੰਗਰਾਂ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਇਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ| ਇਹਨਾਂ ਆਵਾਰਾ ਪਸ਼ੂਆਂ ਵਿੱਚ ਪਾਲਤੂ ਮੱਝਾਂ ਤੇ ਗਾਵਾਂ ਦੀ ਗਿਣਤੀ ਵੀ ਕਾਫੀ ਹੁੰਦੀ ਹੈ, ਜੋ ਕਿ ਨੇੜਲੇ ਪਿੰਡਾਂ ਦੇ ਪਸ਼ੂ ਪਾਲਕਾਂ ਵਲੋਂ ਸ਼ਹਿਰ ਵਿੱਚ ਚਰਨ ਲਈ ਛੱਡ ਦਿੱਤੀਆ ਜਾਂਦੀਆਂ ਹਨ| ਇਸਦੇ ਨਾਲ ਅਵਾਰਾ ਕੁੱਤੇ ਵੀ ਵੱਡੀ ਸਮੱਸਿਆ ਬਣੇ ਹੋਏ ਹਨ| ਇਹ ਕੁੱਤੇ ਕਈ ਬੱਚਿਆਂ ਨੂੰ ਕਟ ਵੀ ਚੁੱਕੇ ਹਨ ਪਰ ਇਹਨਾਂ ਕੁੱਤਿਆਂ ਦੀ ਰੋਕਥਾਮ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ|
ਸ਼ਹਿਰ ਵਿੱਚ ਨਕਲੀ ਤੇ ਮਿਲਾਵਟੀ ਸਮਾਨ ਦੀ ਵਿਕਰੀ ਜੋਰਾਂ ਤੇ ਹੈ| ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਸੀਜਣ ਵਿੱਚ ਮਿਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਚੀਜਾਂ ਦੇ ਸੈਂਪਲ ਜਰੂਰ ਭਰੇ ਜਾਂਦੇ ਹਨ ਪਰ ਆਮ ਦਿਨਾਂ ਵਿੱਚ ਵਿਭਾਗ ਦੀ ਕਾਰਗੁਜਾਰੀ ਢਿੱਲੀ ਰਹਿਣ ਕਰਕੇ ਸ਼ਹਿਰ ਵਿੱਚ ਖਾਣ ਪੀਣ ਦੇ ਨਕਲੀ ਤੇ ਮਿਲਾਵਟੀ ਸਮਾਨ ਦੀ ਵਿਕਰੀ ਜੋਰਾਂ ਤੇ ਹੁੰਦੀ ਹੈ| ਸ਼ਹਿਰ ਦੀਆਂ ਵੱਖ ਵੱਖ ਦੁਕਾਨਾ ਦੇ ਨਾਲ ਨਾਲ ਰੇਹੜੀ ਫੜੀਆਂ ਉਪਰ ਵੀ ਨਕਲੀ ਤੇ ਗੈਰਮਿਆਰੀ, ਮਿਲਾਵਟੀ ਖਾਣ ਪੀਣ ਦਾ ਸਮਾਨ ਵੇਚ ਕੇ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ|
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਲਾਗੂ ਹੋਣ ਦੇ ਬਾਵਜੂਦ ਸਿਗਰਟਨੋਸ਼ੀ ਦੀ ਕਾਰਵਾਈ ਅਕਸਰ ਦਿਖ ਜਾਂਦੀ ਹੈ| ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਫੜੀਆਂ ਤੇ ਅਕਸਰ ਨਾਬਾਲਗ ਬੱਚੇ ਤੰਬਾਕੂ ਪਦਾਰਥ ਵੇਚਦੇ ਅਤੇ ਖਰੀਦਦੇ ਵੇਖੇ ਜਾਂਦੇ ਹਨ ਜਦੋਂ ਕਿ ਨੌਜਵਾਨ ਮੁੰਡਿਆਂ ਦੇ ਨਾਲ ਨਾਲ ਅਨੇਕਾਂ ਕੁੜੀਆਂ ਵੀ ਮਹਿੰਗੀਆਂ ਸਿਗਰਟਾਂ ਪੀਂਦੀਆਂ ਅਕਸਰ ਦਿਖ ਜਾਂਦੀਆਂ ਹਨ| ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਨੌਜਵਾਨਾਂ ਵਲੋਂ ਕੀਤੀ ਜਾਂਦੀ ਹੁਲੜਬਾਜੀ ਵੀ ਵੱਡੀ ਸਮੱਸਿਆ ਹਨ| ਰਾਤ ਵੇਲੇ ਅਕਸਰ ਵੱਖ ਵੱਖ ਇਲਾਕਿਆਂ (ਖਾਸ ਕਰ ਮਾਰਕੀਟਾਂ ਵਿੱਚ) ਨੌਜਵਾਨ ਮੁੰਡੇ ਗਰੁੱਪਾਂ ਵਿਚ ਇੱਕਠੇ ਹੁੰਦੇ ਹਨ ਅਤੇ ਕਈ ਵਾਰ ਇਹਨਾਂ ਨਾਲ ਲੜਕੀਆਂ ਵੀ ਹੁੰਦੀਆਂ ਹਨ| ਨੌਜਵਾਨਾਂ ਦੇ ਇਹਨਾਂ ਗਰੁੱਪਾਂ ਵਿੱਚ ਆਪਸੀ ਝਗੜੇ ਦੀਆਂ ਕਾਰਵਾਈਆਂ ਆਮ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ|
ਇਸ ਤੋਂ ਇਲਾਵਾ ਨਵੇਂ ਬੱਸ ਅੱਡੇ ਦਾ ਸਹੀ ਤਰੀਕੇ ਨਾਲ ਚਾਲੂ ਨਾ ਹੋਣਾ, ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਲੋਕਾਂ ਦੀ ਆਰਥਿਕ ਲੁੱਟ, ਬਦਹਾਲ ਟ੍ਰੈਫਿਕ ਵਿਵਸਥਾ ਸਮੇਤ ਹੋਰ ਵੀ ਅਨੇਕਾਂ ਸਮੱਸਿਆਵਾਂ ਹਨ ਜਿਹਨਾਂ ਸਮੱਸਿਆਵਾ ਨੂੰ ਹੱਲ ਕਰਨ ਵਿੱਚ ਸਥਾਨਕ ਪ੍ਰਸ਼ਾਸਨ ਪੂਰੀ ਤਰਾਂ ਨਾਕਾਮ ਸਾਬਿਤ ਹੋ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ|

Leave a Reply

Your email address will not be published. Required fields are marked *