ਐਸ.ਏ.ਐਸ ਨਗਰ ਵਿੱਚ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ


ਐਸ.ਏ.ਐਸ ਨਗਰ, 17 ਅਕਤੂਬਰ (ਸ.ਬ.) ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਵਿਲੇਜ ਮੁਹਿੰਮ ਦੇ ਦੂਜੇ ਪੜਾਅ ਦੇ ਉਦਘਾਟਨ ਕਰਨ ਨਾਲ ਜ਼ਿਲੇ ਵਿਚ ‘ਸਮਾਰਟ ਵਿਲੇਜ ਮੁਹਿੰਮ’ ਦੇ ਦੂਜੇ ਪੜਾਅ ਦੀ ਰਸਮੀ ਸ਼ੁਰੂਆਤ ਹੋ ਗਈ ਹੈ|
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਤੋਂ ਪੰਚਾਇਤਾਂ ਨੂੰ ਸੰਬੋਧਨ ਕੀਤਾ| ਉਨਾਂ ਨੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ  ਖਰਚਣ|
ਜ਼ਿਲਾ ਐਸ.ਏ.ਐੱਸ.ਨਗਰ ਦੇ ਦੋ ਸਰਪੰਚਾਂ ਪਿੰਡ ਪੱਤੋਂ ਦੀ ਰੁਪਿੰਦਰ ਕੌਰ ਅਤੇ ਬਲਾਕ ਖਰੜ ਦੇ ਪਿੰਡ ਬਾਕਰਪੁਰ ਤੋਂ ਜਗਤਾਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਸ਼ਿਰਕਤ ਕਰਨ ਲਈ ਉਨਾਂ ਦੇ ਦਫ਼ਤਰ ਵਿਚ ਬੁਲਾਇਆ ਗਿਆ ਸੀ| ਸਮਾਰਟ ਵਿਲੇਜ ਮੁਹਿੰਮ ਪੜਾਅ-ਦੂਜਾ (2020-2022) ਤਹਿਤ ਜ਼ਿਲਾ ਐਸ.ਏ.ਐਸ.ਨਗਰ ਦੇ ਸਾਰੇ 341 ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 102.85 ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਂਦਾ ਜਾ           ਸਕੇ| ਇਸ ਪ੍ਰੋਗਰਾਮ ਤਹਿਤ  ਪਿੰਡਾਂ ਨੂੰ ਸਮਾਰਟ ਸ਼ਹਿਰਾਂ ਦੀ ਤਰਜ਼ ਤੇ ‘ ਸਮਾਰਟ’ ਬਣਾਇਆ ਜਾਵੇਗਾ ਜਿਸ ਨਾਲ  ਪਿੰਡਾਂ ਨੂੰ ਆਤਮ-ਨਿਰਭਰ, ਸਾਫ਼ ਅਤੇ ਸਵੱਛ ਬਣਨ ਵਿੱਚ ਸਹਾਇਤਾ           ਮਿਲੇਗੀ|
ਇਸਦੇ ਤਹਿਤ ਚਲਾਏ ਜਾਣ ਵਾਲੇ ਵਿਕਾਸ ਕਾਰਜਾਂ ਵਿਚ ਕਮਿਊਨਿਟੀ ਸੈਂਟਰਾਂ, ਧਰਮਸ਼ਾਲਾਵਾਂ ਦਾ ਨਿਰਮਾਣ, ਪੀਣ ਵਾਲੇ ਪਾਣੀ ਦੀ ਸਪਲਾਈ, ਰੇਨ ਵਾਟਰ ਹਾਰਵੈਸਟਿੰਗ, ਠੋਸ ਰਹਿੰਦ-ਖੂਹੰਦ ਪ੍ਰਬੰਧਨ, ਛੱਪੜਾਂ ਦਾ ਨਵੀਨੀਕਰਨ, ਗੰਦੇ ਪਾਣੀ ਦੀ ਨਿਕਾਸੀ, ਗਲੀਆਂ , ਨਾਲੀਆਂ ,ਖੇਡ  ਮੈਦਾਨ, ਸਟੇਡੀਅਮਾਂ, ਜਿਮਨੇਜ਼ੀਅਮਾਂ ਦੀ ਉਸਾਰੀ, ਸੋਲਰ ਸਟਰੀਟ ਲਾਈਟਾਂ, ਬੱਸ ਸ਼ੈਲਟਰਾਂ ਦੀ ਉਸਾਰੀ, ਸ਼ਮਸ਼ਾਨ ਘਾਟ / ਕਬਰਿਸਤਾਨਾਂ, ਕਮਿਊਨਿਟੀ ਲਾਇਬ੍ਰੇਰੀ, ਸਕੂਲ ਅਤੇ ਆਂਗਣਵਾਦੀਆਂ ਦਾ ਵਿਕਾਸ ਆਦਿ ਸ਼ਾਮਲ ਹਨ|
ਜ਼ਿਕਰਯੋਗ ਹੈ ਕਿ  ਵਰਚੁਅਲ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਸੂਬੇ ਭਰ ਵਿੱਚ 1500 ਸਥਾਨਾਂ ਦੀ ਚੋਣ ਕੀਤੀ ਗਈ ਸੀ | ਜਿਨਾਂ ਵਿਚੋਂ 39 ਸਥਾਨ ਐਸ.ਏ.ਐਸ.ਨਗਰ ਦੇ ਸਨ| ਇਹਨਾਂ ਥਾਵਾਂ ਦੇ ਆਲੇ-ਦੁਆਲੇ  ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ| 

Leave a Reply

Your email address will not be published. Required fields are marked *