ਐਸ ਟੀ ਐਫ ਯੂਨਿਟ ਮੁਹਾਲੀ ਵਲੋਂ 400 ਗ੍ਰਾਮ ਹੈਰੋਈਨ ਸਮੇਤ ਨਾਇਜੀਰੀਅਨ ਵਿਅਕਤੀ ਕਾਬੂ

ਐਸ ਏ ਐਸ ਨਗਰ, 31 ਅਗਸਤ (ਸ.ਬ.) ਸਪੈਸਲ ਟਾਸਕ ਫੋਰਸ ਵਲੋਂ ਲਾਂਡਰਾਂ ਚੌਂਕ ਮੁਹਾਲੀ ਤੋਂ ਇਕ ਨਾਇਜੀਰੀਅਨ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 400 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਏ ਆਈ ਜੀ ਰੂਪਨਗਰ ਰੇਂਜ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਲਾਂਡਰਾਂ ਚੌਂਕ ਮੁਹਾਲੀ ਵਿਚੋਂ ਐਸ ਆਈ ਪਵਨ ਕੁਮਾਰ ਨੇ ਪੁਲੀਸ ਪਾਰਟੀ ਸਮੇਤ ਨਾਇਜੀਰੀਅਨ ਵਿਅਕਤੀ ਨੂੰ ਕਾਬੂ ਕੀਤਾ, ਜਿਸ ਦੀ ਪਹਿਚਾਣ ਉਰੋ ਮਾਰਕ ਵਸਨੀਕ ਨਾਇਜੀਰੀਆ ਵਜੋਂ ਹੋਈ ਹੈ, ਇਸ ਵਿਅਕਤੀ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ|
ਉਹਨਾਂ ਦੱਸਿਆ ਕਿ ਇਹ 41 ਸਾਲਾ ਨਾਇਜੀਰੀਅਨ ਵਿਅਕਤੀ 20 ਜੂਨ 2017 ਨੂੰ ਟੂਰਿਸਟ ਵੀਜੇ ਉਪਰ ਭਾਰਤ ਆਇਆ ਸੀ| ਭਾਰਤ ਆ ਕੇ ਉਹ ਦਿੱਲੀ ਵਿਖੇ ਚੰਦਰ ਵਿਹਾਰ ਵਿੱਚ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ ਸੀ| ਉਸਦਾ ਵੀਜਾ 6 ਮਹੀਨੇ ਦਾ ਸੀ, ਜੋ ਕਿ ਦਸੰਬਰ 2017 ਵਿੱਚ ਖਤਮ ਹੋ ਗਿਆ ਸੀ ਅਤੇ ਉਸਦਾ ਪਾਸਪੋਰਟ ਵੀ ਗੁੰਮ ਹੋ ਗਿਆ ਸੀ, ਉਹ ਦਿਲੀ ਵਿੱਚ ਇਕ ਸੈਲੂਨ ਵਿੱਚ ਕੰਮ ਕਰਨ ਲੱਗ ਪਿਆ| ਉਸਨੇ ਲਾਲਚ ਵਿੱਚ ਆ ਕੇ ਹੈਰੋਇਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ| ਉਹ ਦਿਲੀ ਤੋਂ 800 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਲਿਆ ਕੇ ਪੰਜਾਬ ਵਿੱਚ ਦੋ ਹਜਾਰ ਤੋਂ ਪੱਚੀ ਸੌ ਰੁਪਏ ਪ੍ਰਤੀ ਗ੍ਰਾਮ ਵੇਚ ਦਿੰਦਾ ਸੀ, ਇਸ ਕੰਮ ਵਿੱਚ ਉਸ ਨੂੰ ਭਾਰੀ ਮੁਨਾਫਾ ਹੋ ਰਿਹਾ ਸੀ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *