ਐਸ ਟੀ ਐਫ ਵਲੋਂ ਪੰਜਾਬ ਪੁਲੀਸ ਦਾ ਸਾਬਕਾ ਡੀ ਐਸ ਪੀ, ਡੇਰੇ ਦਾ ਮੁਖੀ ਤੇ ਇੱਕ ਹੋਰ ਵਿਅਕਤੀ 15 ਕਿਲੋ ਅਫੀਮ ਸਮੇਤ ਕਾਬੂ, ਇਕ ਰਿਵਾਲਵਰ ਵੀ ਬਰਾਮਦ

ਐਸ ਏ ਐਸ ਨਗਰ, 23 ਮਾਰਚ (ਸ.ਬ.) ਸਪੈਸ਼ਲ ਟਾਸਕ ਫੋਰਸ ਵਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਾਣਾ ਵਿੱਚ ਨਾਕਾਬੰਦੀ ਕਰਕੇ ਇਕ ਕਾਰ ਵਿਚੋਂ 15 ਕਿਲੋ ਅਫੀਮ (ਤਰਲ) ਸਮੇਤ ਇਕ ਡੀ ਐਸ ਪੀ, ਇਕ ਡੇਰੇ ਦੇ ਮੁਖੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਖੁਫੀਆ ਇਤਲਾਹ ਮਿਲਣ ਤੇ ਐਸ ਟੀ ਐਫ ਵਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਾਣਾ ਵਿਖੇ ਨਾਕਾ ਲਗਾ ਕੇ ਕਾਰ ਨੰਬਰ ਐਚ ਆਰ 08 ਐਫ 2900 ਨੂੰ ਰੋਕਿਆ ਤਾਂ ਤਲਾਸ਼ੀ ਲੈਣ ਤੇ ਉਸ ਕਾਰ ਵਿਚੋਂ 15 ਕਿਲੋ ਅਫੀਮ (ਤਰਲ) ਬਰਾਮਦ ਹੋਈ| ਇਸ ਮੌਕੇ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਇਕ ਰਿਵਾਲਵਰ ਅਤੇ 18 ਰੋਂਦ ਜਿੰਦਾ ਵੀ ਬਰਾਮਦ ਕੀਤੇ ਗਏ|
ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਾਬਕਾ ਡੀ ਐਸ ਪੀ ਹਕੀਕਤ ਰਾਏ, ਬਿਕਰਮ ਨਾਥ ਅਤੇ ਸਵਰਨ ਸਿੰਘ ਵਜੋਂ ਹੋਈ ਹੈ| ਉਹਨਾਂ ਕਿਹਾ ਕਿ ਬਿਕਰਮ ਨਾਥ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ 14 ਸਾਲ ਦੀ ਉਮਰ ਵਿੱਚ ਹੀ ਡੇਰਾ ਬਾਬਾ ਜਸਵੰਤ ਨਾਥ ਪਿੰਡ ਬਦੋਸੀ ਕਲਾਂ ਵਿਖੇ ਚੜ੍ਹਾ ਦਿੱਤਾ ਗਿਆ ਸੀ, ਜਿੱਥੇ ਉਹ ਸੇਵਾ ਕਰਦਾ ਹੁੰਦਾ ਸੀ| ਇਥੇ ਉਸਦੇ ਗੁਰੂ ਬਾਬਾ ਜਸਵੰਤ ਨਾਥ ਨਸ਼ਾ ਕਰਨ ਦੇ ਆਦੀ ਸਨ ਜਿਸ ਕਾਰਨ ਬਿਕਰਮ ਨਾਥ ਵੀ ਛੋਟੀ ਉਮਰ ਵਿੱਚ ਹੀ ਨਸ਼ਾ ਕਰਨ ਲੱਗ ਪਿਆ ਸੀ| ਸਾਲ 2006 ਵਿੱਚ ਜਸਵੰਤ ਨਾਥ ਦੀ ਮੌਤ ਹੋਣ ਤੋਂ ਬਾਅਦ ਬਿਕਰਮ ਨਾਥ ਨੂੰ ਡੇਰਾ ਮੁਖੀ ਬਣਾ ਦਿੱਤਾ ਗਿਆ| ਡੇਰੇ ਦੀ 28 ਏਕੜ ਜਮੀਨ ਹੈ| ਡੇਰੇ ਉਪਰ ਸਵਰਨ ਸਿੰਘ ਅਤੇ ਸਾਬਕਾ ਡੀ ਐਸ ਪੀ ਹਕੀਕਤ ਰਾਏ ਵੀ ਆਉਂਦੇ ਰਹਿੰਦੇ ਸਨ| ਇਹ ਦੋਵੇਂ ਵੀ ਨਸ਼ਾ ਕਰਨ ਦੇ ਆਦੀ ਹਨ|
ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਨੇ ਰਲ ਕੇ ਝਾਰਖੰਡ ਵਿਚੋਂ ਸਸਤੇ ਭਾਅ ਅਫੀਮ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਵੇਚਣ ਦੀ ਯੋਜਨਾ ਬਣਾਈ ਅਤੇ ਇਸ ਯੋਜਨਾ ਤਹਿਤ ਹੀ ਇਹ ਕਾਰ ਵਿੱਚ 15 ਕਿਲੋ ਅਫੀਮ ਲੈ ਕੇ ਆ ਰਹੇ ਸਨ ਕਿ ਐਸ ਟੀ ਐਫ ਦੀ ਟੀਮ ਦੇ ਕਾਬੂ ਆ ਗਏ| ਉਹਨਾਂ ਕਿਹਾ ਕਿ ਬਿਕਰਮ ਨਾਥ ਡੇਰੇ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ| ਪੁਲੀਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *