ਐਸ ਟੀ ਐਫ ਵਲੋਂ 270 ਗ੍ਰਾਮ ਹੈਰੋਈਨ ਸਮੇਤ ਇਕ ਕਾਬੂ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਸਪੈਸ਼ਲ ਟਾਸਕ ਫੋਰਸ ਮੁਹਾਲੀ ਵਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 270 ਗ੍ਰਾਮ ਹੈਰੋਈਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਏ ਆਈ ਜੀ ਸ੍ਰ. ਹਰਪ੍ਰੀਤ ਸਿੰਘ ਅਤੇ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਥਾਣਾ ਫੇਜ਼ 4 ਮੁਹਾਲੀ ਵਿਖੇ ਗੁਪਤ ਸੂਚਨਾ ਮਿਲਣ ਤੇ ਏ ਐਸ ਆਈ ਮਲਕੀਤ ਸਿੰਘ, ਏ ਐਸ ਆਈ ਬਲਜੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਮਦਨਪੁਰ ਚੌਂਕ ਮੁਹਾਲੀ ਵਿਖੇ ਬਲਵਿੰਦਰ ਸਿੰਘ ਉਰਫ ਠਾਕਰ ਵਸਨੀਕ ਪਿੰਡ ਪੋਲੀਆ ਜਿਲ੍ਹਾ ਊਨਾ ਨੂੰ ਕਾਬੂ ਕਰਕੇ ਉਸ ਤੋਂ 270 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ|
ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ 10ਵੀਂ ਤਕ ਪੜਿਆ ਹੋਇਆ ਹੈ ਅਤੇ ਸਾਲ 2006 ਵਿੱਚ ਉਸਦੇ ਵਿਰੁਧ ਥਾਣਾ ਸਦਰ ਰੋਪੜ ਵਿਖੇ ਇਕ ਹਵਾਲੇ ਦਾ ਮਾਮਲਾ ਵੀ ਦਰਜ ਹੋਇਆ ਸੀ ਜਿਸ ਵਿੱਚ ਉਹ ਦੋ ਸਾਲ ਭਗੌੜਾ ਰਿਹਾ| ਬਾਅਦ ਵਿੱਚ ਪੁਲੀਸ ਨੇ ਉਸ ਨੂੰ ਫੜ ਲਿਆ ਸੀ, ਜਿਸ ਤੋਂ ਬਾਅਦ ਉਹ ਕਾਫੀ ਸਮਾਂ ਜੇਲ੍ਹ ਵਿੱਚ ਵੀ ਰਿਹਾ| ਉਹਨਾਂ ਦੱਸਿਆ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਚਿੱਟੇ ਦਾ ਕੰਮ ਸ਼ੁਰੂ ਕਰ ਦਿੱਤਾ| ਸਾਲ 2013 ਵਿੱਚ ਉਸ ਨੂੰ ਬੰਗਾ ਪੁਲੀਸ ਨੇ ਹੈਰੋਈਨ ਸਮੇਤ ਕਾਬੂ ਕੀਤਾ ਸੀ ਤੇ ਬੰਗਾ ਵਿਖੇ ਹੀ ਮਾਮਲਾ ਦਰਜ ਕੀਤਾ ਗਿਆ ਸੀ| ਉਸ ਤੋਂ ਬਾਅਦ ਉਸਦੇ ਵਿਰੁੱਧ ਲੁਧਿਆਣਾ ਥਾਣਾ ਡਵੀਜਨ ਨੰਬਰ 2 ਵਿਖੇ 307 ਦਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਅਦਾਲਤ ਨੇ ਤਰਸ ਦੇ ਆਧਾਰ ਉਪਰ ਬਰੀ ਕਰ ਦਿਤਾ ਸੀ| ਸਾਲ 2017 ਦੇ ਅਕਤੂਬਰ ਮਹੀਨੇ ਵਿੱਚ ਉਸ ਨੂੰ ਐਸ ਟੀ ਐਫ ਮੁਹਾਲੀ ਨੇ ਕਾਬੂ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਈਨ ਬਰਾਮਦ ਕੀਤੀ ਸੀ, ਜਿਸ ਵਿੱਚ ਉਸਦੀ ਜਮਾਨਤ ਹਾਈ ਕੋਰਟ ਵਿੱਚ ਹੋ ਗਈ ਸੀ| ਇਸ ਸਮੇਂ ਉਹ ਦਿੱਲੀ ਤੋਂ ਹੈਰੋਈਨ ਲਿਆ ਕੇ ਮੁਹਾਲੀ, ਜੀਰਕਪੁਰ, ਚੰਡੀਗੜ੍ਹ, ਪੰਚਕੂਲਾ, ਹਿਮਾਚਲ ਪ੍ਰਦੇਸ ਵਿੱਚ ਸਪਲਾਈ ਕਰਦਾ ਸੀ|
ਪੁਲੀਸ ਵਲੋਂ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵਲੋਂ ਇਸ ਵਿਅਕਤੀ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ਉਪਰ ਭੇਜਣ ਦੇ ਹੁਕਮ ਦਿੱਤੇ ਹਨ|

Leave a Reply

Your email address will not be published. Required fields are marked *