ਐਸ ਟੀ ਐਫ ਵਲੋਂ 290 ਗ੍ਰਾਮ ਹੈਰੋਇਨ, 2 ਲੱਖ 5 ਹਜਾਰ ਡਰੱਗ ਮਨੀ ਸਮੇਤ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 8 ਅਗਸਤ (ਸ.ਬ.) ਐਸ ਟੀ ਐਫ ਯੂਨਿਟ ਮੁਹਾਲੀ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 290 ਗ੍ਰਾਮ ਹੈਰੋਇਨ, 2 ਲੱਖ 5 ਹਜਾਰ ਡਰੱਗ ਮਨੀ ਅਤੇ ਇਕ ਦੇਸੀ ਪਿਸਟਲ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਥਾਣਾ ਐਸ ਟੀ ਐਫ ਮੁਹਾਲੀ ਦੀ ਪੁਲੀਸ ਨੇ ਏ ਐਸ ਆਈ ਮਲਕੀਤ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਵੇਰਕਾ ਚੌਂਕ ਵਿਚੋਂ ਦੋ ਵਿਅਕਤੀਆਂ ਰਾਜ ਕੁਮਾਰ ਅਤੇ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਅਤੇ ਇਹਨਾਂ ਵਿਅਕਤੀਆਂ ਵਿਚੋਂ ਰਾਜ ਕੁਮਾਰ ਕੋਲੋਂ 260 ਗ੍ਰਾਮ ਹੈਰੋਇਨ, 2 ਲੱਖ 5 ਹਜਾਰ ਡਰੱਗ ਮਨੀ ਅਤੇ ਇਕ ਦੇਸੀ ਪਿਸਟਲ, 8 ਜਿੰਦਾ ਕਾਰਤੂਸ ਅਤੇ ਇਕ ਟਾਟਾ ਸਫਾਰੀ ਗੱਡੀ ਬਰਾਮਦ ਕੀਤੇ ਗਏ| ਜਦੋਂਕਿ ਮਨਪ੍ਰੀਤ ਸਿੰਘ ਕੋਲੋਂ 30 ਗ੍ਰਾਮ ਹੈਰੋਈਨ ਬਰਾਮਦ ਹੋਈ|
ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜ ਕੁਮਾਰ ਪਹਿਲਾਂ 2 ਜਿੰਮ ਚਲਾਉਂਦਾ ਸੀ ਤੇ ਇਸਦਾ ਇਕ ਭਰਾ ਅਸ਼ਵਨੀ ਕੁਮਾਰ ਤਿਹਾੜ ਜੇਲ੍ਹ ਦਿੱਲੀ ਵਿਖੇ ਡਰੱਗ ਤਸਕਰੀ ਦੇ ਕੇਸ ਵਿੱਚ ਸਜ਼ਾ ਕਟ ਰਿਹਾ ਹੈ ਜੋ ਕਰੀਬ 2 ਮਹੀਨੇ ਪਹਿਲਾਂ 15 ਦਿਨ ਦੀ ਪੈਰੋਲ ਉਪਰ ਛੁੱਟੀ ਤੇ ਆਇਆ ਸੀ ਜੋ ਉਸ ਨੂੰ ਇਕ ਪਿਸਟਲ ਸਮੇਤ 8 ਜਿੰਦਾ ਕਾਰਤੂਸ ਦੇ ਕੇ ਗਿਆ ਸੀ| ਹੁਣ ਇਹ ਵਿਅਕਤੀ ਗੁਰਾਇਆ ਵਿਖੇ ਆਪਣੀ ਪਤਨੀ ਨਾਲ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ, ਜਦੋਂਕਿ ਮਨਪ੍ਰੀਤ ਸਿੰਘ ਮੋਬਾਇਲ ਫੋਨਾਂ ਦੀ ਦੁਕਾਨ ਕਰਦਾ ਹੈ, ਇਸਦੇ ਵਿਰੁੱਧ ਵੀ ਹੁਸ਼ਿਆਰਪੁਰ ਵਿਖੇ ਡਰੱਗ ਤਸਕਰੀ ਦਾ ਇਕ ਮਾਮਲਾ ਦਰਜ ਹੈ| ਪੁਲੀਸ ਵਲੋਂ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ|
ਪੁਲੀਸ ਨੇ ਅੱਜ ਦੋਵਾਂ ਵਿਅਕਤੀਆਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ| ਮਾਣਯੋਗ ਅਦਾਲਤ ਨੇ ਦੋਵਾਂ ਵਿਅਕਤੀਆਂ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ|

Leave a Reply

Your email address will not be published. Required fields are marked *