ਐਸ.ਟੀ.ਐਫ. ਵੱਲੋਂ 1 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ, 20 ਅਗਸਤ (ਸ.ਬ.) ਐਸ.ਟੀ.ਐਫ., ਮੁਹਾਲੀ ਦੀ ਟੀਮ ਨੇ 3/5 ਚੌਕ, ਮੁਹਾਲੀ ਨੇੜੇ ਨਾਕਾਬੰਦੀ ਦੌਰਾਨ ਕਾਰ ਸਵਾਰ 1 ਵਿਦੇਸ਼ੀ ਨਾਗਰਿਕ ਡੇਵਿਡ ਬੋਆਕਾਇਆ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਨੂੰ 1 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲੀਸ, ਐਸ.ਟੀ.ਐਫ., ਰੂਪਨਗਰ ਰੇਂਜ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ., ਫੇਜ਼-4, ਮੁਹਾਲੀ ਵਿਖੇ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਡੇਵਿਡ ਬੋਆਕਾਇਆ ਹਾਲ ਵਾਸੀ ਵਿਕਾਸਪੁਰੀ ਨਵੀਂ ਦਿੱਲੀ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਮਜਾਰਾ ਸੋਨਾਲੀ, ਥਾਣਾ ਊਨਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼, ਦਿੱਲੀ ਤੋਂ ਕਾਰ ਨੰਬਰ ਐਚ. ਪੀ.-72-8683 ਮਾਰਕਾ ਸਵਿਫਟ ਵਿੱਚ ਹੈਰੋਇਨ ਲੈ ਕੇ ਆਏ ਹਨ ਅਤੇ ਚੰਡੀਗੜ੍ਹ ਫਰਨੀਚਰ ਮਾਰਕੀਟ ਤੋਂ ਮੁਹਾਲੀ 3/5 ਚੌਕ ਵੱਲ ਆ ਰਹੇ ਹਨ| ਇਨ੍ਹਾਂ ਨੂੰ ਐਸ.ਆਈ. ਪਵਨ ਕੁਮਾਰ ਨੇ ਸਮੇਤ ਪੁਲੀਸ ਪਾਰਟੀ ਕਾਬੂ ਕੀਤਾ, ਜਿਹਨਾ ਦੀ ਕਾਰ ਦੀ ਤਲਾਸ਼ੀ ਲੈਣ ਤੇ 1 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ| ਡੇਵਿਡ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਦੱਖਣੀ ਅਫਰੀਕਾ ਦਾ ਰਹਿਣ ਵਾਲਾ ਹੈ ਅਤੇ ਉਹ 12-5-2018 ਨੂੰ ਟੂਰਿਸਟ ਵੀਜੇ ਤੇ ਭਾਰਤ ਆਇਆ ਸੀ, ਜੋ ਕਿ ਦਿੱਲੀ ਵਿਕਾਸਪੁਰੀ ਵਿਖੇ ਰਹਿੰਦਾ ਹੈ, ਪ੍ਰੰਤੂ ਉਹ ਲਾਲਚ ਵਸ ਪੈ ਕੇ ਮਾੜੀ ਸੰਗਤ ਵਿੱਚ ਪੈਣ ਕਰਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ| ਉਹ ਆਪਣੇ ਦੋਸਤ ਅਮਨਿੰਦਰ ਸਿੰਘ ਉਰਫ ਬਿੱਲਾ ਨਾਲ ਹੈਰੋਇਨ ਸਪਲਾਈ ਕਰਨ ਲਈ ਚੰਡੀਗੜ੍ਹ ਮੁਹਾਲੀ ਵਿਖੇ ਆਇਆ ਸੀ| ਅਮਨਿੰਦਰ ਸਿੰਘ ਉਰਫ ਬਿੱਲਾ ਨੇ ਪੁੱਛ ਗਿੱਛ ਤੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਪਿੰਡ ਮਜਾਰਾ ਸੋਨਾਲੀ ਜਿਲ੍ਹਾ ਊਨਾ ਦਾ ਰਹਿਣ ਵਾਲਾ ਹੈ ਤੇ 11ਵੀਂ ਪਾਸ ਹੈ, ਜੋ ਪਿਛਲੇ 8 ਮਹੀਨੇ ਤੋਂ ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ, ਜਿਸ ਨਾਲ ਉਸ ਨੂੰ ਕਾਫੀ ਪੈਸੇ ਬੱਚ ਜਾਂਦੇ ਹਨ| ਇਸ ਨਾਲ ਉਹ ਆਪਣਾ ਗੁਜਾਰਾ ਵੀ ਚਲਾ ਲੈਂਦਾ ਸੀ|
ਦੋਵੇਂ ਮੁਲਜ਼ਮ ਇਹ ਹੈਰੋਇਨ ਇਕ ਜੋਨ ਨਾਮ ਦੇ ਨਾਇਜੀਰੀਅਨ ਤੋਂ ਲੈ ਕੇ ਆਏ ਸਨ| ਇਸ ਸਬੰਧੀ ਪੁਲੀਸ ਨੇ ਐਨਡੀਪੀਐਸ ਐਕਟ ਦੀ ਧਾਰਾ 21, 29-61-85 ਅਧੀਨ ਮਾਮਲਾ ਦਰਜ ਕੀਤਾ ਹੈ|

Leave a Reply

Your email address will not be published. Required fields are marked *