ਐਸ.ਵਾਈ.ਐਲ. ਨਹਿਰ ਮਾਮਲਾ: ਪੰਜਾਬ ਪੁਲੀਸ ਨੇ ਇਨੈਲੋ ਵਰਕਰ ਪੰਜਾਬ ਵਿੱਚ ਦਾਖਲ ਨਾ ਹੋਣ ਦਿੱਤੇ

ਸ਼ੰਭੂ, 23 ਫਰਵਰੀ (ਸ.ਬ.) ਸਤਲੁਜ-ਯੁਮਨਾ ਲਿੰਕ (ਐਸ. ਵਾਈ. ਐਲ.) ਨਹਿਰ ਦੇ ਪਾਣੀ ਤੇ ਹੱਕ ਜਮਾਉਣ ਲਈ ਅੱਜ ਇਨੈਲੋ ਵਰਕਰਾਂ ਵਲੋਂ ਪਿੰਡ ਕਪੂਰੀ ਤੱਕ ਪੁੱਜਣ ਲਈ ਆਪਣਾ ਪੂਰਾ ਜ਼ੋਰਾ ਲਾ ਲਿਆ ਪਰ ਪੰਜਾਬ ਪੁਲੀਸ ਨੇ ਇਨੈਲੋ ਵਰਕਰਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ| ਇਨੈਲੋ ਨੇਤਾ ਅਭੈ ਚੌਟਾਲਾ ਦੀ ਅਗਵਾਈ ਵਿੱਚ ਕਰੀਬ 2500 ਸਮਰਥਕਾਂ ਨੇ ਪੰਜਾਬ-ਹਰਿਆਣਾ ਬਾਰਡਰ ਵੱਲ ਕੂਚ ਕੀਤਾ ਪਰ ਇਸ ਤੋਂ ਅੱਗੇ ਪੰਜਾਬ ਪੁਲੀਸ ਨੇ ਇਨ੍ਹਾਂ ਨੂੰ ਨਹੀਂ ਜਾਣ ਦਿੱਤਾ, ਜਿਸ ਕਾਰਨ ਅਭੈ ਚੌਟਾਲਾ ਨੇ ਘੱਗਰ ਦਰਿਆ ਤੇ ਟੱਕ ਲਾ ਦਿੱਤਾ| ਅਭੈ ਚੌਟਾਲਾ ਨੇ ਖੁਦ ਹੀ ਆਪਣੇ ਸਮਰਥਕਾਂ ਨੂੰ ਪਿੱਛੇ ਮੁੜਨ ਲਈ ਕਿਹਾ, ਜਿਸ ਤੋਂ ਬਾਅਦ ਪੂਰੇ ਜੋਸ਼ ਵਿੱਚ ਆਏ ਇਨੈਲੋ ਵਰਕਰ ਵਾਪਸ ਜਾਂਦੇ ਹੋਏ ਦਿਖਾਈ ਦਿੱਤੇ|
ਅਸਲ ਵਿਚ ਪੰਜਾਬ -ਹਰਿਆਣਾ ਸਰਹੱਦ ਉਪਰ ਸਾਰਾ ਦਿਨ ਅੱਜ ਤਨਾਓ ਵਾਲਾ ਮਾਹੌਲ ਰਿਹਾ| ਇਕ ਵਾਰ ਤਾਂ  ਇਨੈਲੋ ਵਰਕਰ ਪੰਜਾਬ ਦੇ ਪਟਿਆਲਾ ਜਿਲੇ ਦੀ ਹੱਦ ਵਿਚ ਸ਼ਾਮਲ ਹੋ ਚੁਕੇ ਸਨ ਅਤੇ ਇਨੈਲੋ ਵਰਕਰਾਂ ਅਤੇ ਪੰਜਾਬ ਪੁਲੀਸ ਦੇ ਵਿਚਾਲੇ ਸਿਰਫ ਇਕ ਪੁੱਲ ਦਾ ਹੀ ਫਾਸਲਾ ਰਹਿ ਗਿਆ ਸੀ| ਦੂਜੇ ਪਾਸੇ  ਇਨੈਲੋ ਵਰਕਰਾਂ ਨੁੰ ਰੋਕਣ ਜਾ ਰਹੇ ਸਿੱਖ ਸਟੂਡੈਂਟਸ ਫੈਡਰੇਸਨ ਦੇ ਵਰਕਰਾਂ ਅਤੇ ਬੈਸ   ਭਰਾਵਾਂ ਸਮੇਤ ਉਹਨਾਂ ਦੇ ਸਮਰਥਕਾਂ ਨੂੰ ਵੀ ਪਿੰਡ ਕਪੂਰੀ ਵਿਚ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ| ਇਸ ਮੌਕੇ ਸਿਮਰਜੀਤ ਸਿੰਘ ਬੈਂਸ  ਨੇ ਕਿਹਾ  ਕਿ ਨਹਿਰ ਸਬੰਧੀ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ, ਉਹ ਅਕਾਲੀ ਦਲ ਦੀ ਗੱਦਾਰੀ ਕਾਰਨ ਆਇਆ ਹੈ ਕਿਉਂਕਿ ਹਰਿਆਣਾ ਦੀ ਇਨੈਲੋ ਪਾਰਟੀ ਪੰਜਾਬ ਵਿਚ ਅਕਾਲੀ ਦਲ ਨਾਲ ਮਿਲੀ ਹੋਈ ਹੈ| ਇਨੈਲੋ ਨੂੰ ਚਿਤਾਵਨੀ ਦਿੰਦਿਆਂ  ਉਹਨਾਂ ਕਿਹਾ ਕਿ ਪੰਜਾਬੀਆਂ ਨੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਕਿ ਜਿਹੜਾ ਕੋਈ ਵੀ ਆ ਕੇ ਪੰਜਾਬ ਦਾ ਪਾਣੀ ਲੈ ਜਾਵੇਗਾ|
ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਦਿਲੀ ਰਾਸ਼ਟਰੀ ਮਾਰਗ ਨੂੰ ਬੰਦ ਕਰ ਦਿਤਾ ਗਿਆ ਸੀ| ਰਾਜਪੁਰਾ ਦੇ ਬਾਈਪਾਸ ਚੌਂਕ ਵਿਖੇ ਅੰਮ੍ਰਿਤਸਰ- ਦਿਲੀ ਰਾਸਟਰੀ ਮਾਰਗ ਨੂੰ ਪੁਲੀਸ ਨੇ  ਬੈਰੀਅਰ ਲਗਾ ਕੇ ਬੰਦ ਕਰ ਦਿਤਾ ਗਿਆ ਸੀ ਅਤੇ ਵਾਹਨ ਚਾਲਕਾਂ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਸਨ| ਇਸ ਮੌਕੇ ਇਸ ਰਾਸਟਰੀ ਮਾਰਗ ਉਪਰ ਪੁਲੀਸ ਵਲੋਂ ਸਖਤ ਸਰਖਿਆ ਪ੍ਰਬੰਧ ਕੀਤੇ ਗਏ ਸਨ| ਟ੍ਰੈਫਿਕ ਦੇ ਬਦਲਵੇਂ ਪ੍ਰਬੰਧਾਂ ਬਾਰੇ ਪੁਲੀਸ ਨੇ ਪਹਿਲਾਂ ਹੀ ਆਮ ਲੋਕਾਂ ਨੂੰ ਮੀਡੀਆ ਰਾਹੀਂ ਜਾਣਕਾਰੀ ਦੇ ਦਿਤੀ ਸੀ ਜਿਸ ਕਰਕੇ ਇਸ ਰੂਟ ਵਾਲੇ ਲੋਕ ਪੂਰੀ ਤਿਆਰੀ ਨਾਲ ਹੀ ਸਫਰ ਕਰ ਰਹੇ ਸਨ| ਇਸਦੇ ਬਾਵਜੂਦ ਵੱਡੀ ਗਿਣਤੀ ਵਾਹਨ ਚਾਲਕਾਂ  ਨੂੰ ਇਸ ਰਾਸ਼ਟਰੀ ਮਾਰਗ ਦੇ ਬੰਦ ਹੋਣ ਕਾਰਨ ਅਨੇਕਾਂ             ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਸਭ ਤੋਂ ਜਿਆਦਾ ਪ੍ਰੇਸ਼ਾਨੀ ਤਾਂ ਰਾਜਪੁਰਾ ਅਤੇ ਅੰਬਾਲਾ ਦੇ ਵਿਚਾਲੇ ਵਸੇ ਹੋਏ ਪਿੰਡਾਂ ਦੇ ਵਸਨੀਕਾਂ ਨੂੰ ਹੋਈ, ਜਿਹਨਾਂ ਨੁੰ ਆਪਣੇ ਜਰੂਰੀ ਕੰਮ ਧੰਦੇ ਜਾਣ ਲਈ ਵੀ ਕਾਫੀ ਪ੍ਰੇਸ਼ਾਨ ਹੋਣਾ ਪਿਆ|
ਜਦੋਂ ਇਨੈਲੋ ਵਰਕਰਾਂ ਅਤੇ ਪੰਜਾਬ ਪੁਲੀਸ ਦੇ ਵਿਚਾਲੇ ਸਿਰਫ ਇਕ ਪੁੱਲ ਦਾ ਫਾਸਲਾ ਹੀ ਰਹਿ ਗਿਆ ਸੀ ਤਾਂ ਉਦੋਂ ਹੀ ਬਹੁਤ ਤਨਾਓ ਵਾਲਾ ਮਾਹੌਲ ਬਣ ਗਿਆ ਸੀ ਅਤੇ ਕਿਸੇ ਵੀ ਅਣਸੁਖਾਂਵੀ ਘਟਨਾ ਦੇ ਵਾਪਰਨ ਦਾ ਖਤਰਾ ਪੈਦਾ ਹੋ ਗਿਆ ਸੀ|
ਖਬਰ ਲਿਖੇ ਜਾਣ ਤੱਕ ਪਿੰਡ ਕਪੂਰੀ ਅਤੇ ਪੰਜਾਬ -ਹਰਿਆਣਾ ਸਰਹੱਦ ਉਪਰ ਸਥਿਤੀ ਕਾਫੀ ਨਾਜੁਕ ਬਣੀ ਹੋਈ ਸੀ| ਪੰਜਾਬ ਅਤੇ ਹਰਿਆਣਾ ਦੇ ਪਾਸੇ ਭਾਰੀ ਪੁਲੀਸ ਫੋਰਸ ਤੈਨਾਤ ਸੀ ਅਤੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਭਾਰੀ ਸੁਰਖਿਆ ਪ੍ਰਬੰਧ ਕੀਤੇ ਹੋਏ ਸਨ| ਬਾਅਦ ਵਿਚ ਪਹੁੰਚੀਆਂ ਖਬਰਾਂ ਮੁਤਾਬਿਕ ਇਨੈਲੋ ਵਰਕਰਾਂ ਨੂੰ ਪੁਲੀਸ ਨੇ ਪਿੰਡ ਕਪੂਰੀ ਵੱਲ ਨਾ ਜਾਣ ਦਿਤਾ ਅਤੇ ਇਨੈਲੋ ਵਰਕਰ ਵਾਪਸ ਮੁੜ ਗਏ ਸਨ|

Leave a Reply

Your email address will not be published. Required fields are marked *