ਐਸ ਵਾਈ ਐਲ ਮਾਮਲੇ ਵਿੱਚ ਕੋਰਟ ਦਾ ਫੈਸਲਾ ਮਨਜੂਰ ਹੋਵੇਗਾ : ਕੇਜਰੀਵਾਲ

ਚੰਡੀਗੜ੍ਹ,1 ਨਵੰਬਰ (ਭਗਵੰਤ ਸਿੰਘ ਬੇਦੀ) ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਹੈ ਕਿ ਐਸ ਵਾਈ ਐਲ ਨਹਿਰ ਦਾ ਮਾਮਲਾ ਇਸ ਸਮੇਂ ਅਦਾਲਤ ਵਿੱਚ ਹੈ, ਅਦਾਲਤ ਜੋ ਵੀ ਫੈਸਲਾ ਕਰੇਗੀ ਉਸ ਨੂੰ ਮਨਜੂਰ ਕੀਤਾ ਜਾਵੇਗਾ| ਸ੍ਰੀ ਕੇਜਰੀਵਾਲ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਦਿਵਸ ਸਬੰਧੀ ਆਏ ਹੋਏ ਸਨ| ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਸਰਕਾਰ ਸੀ ਅਤੇ ਹਰਿਆਣਾ ਵਿੱਚ ਵੀ ਭਾਜਪਾ ਸਰਕਾਰ ਸੀ ਤੇ ਦੋਵਾਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਰਲ ਮਿਲ ਕੇ ਐਸ ਵਾਈ ਐਲ ਮਸਲਾ ਹਲ ਕਰ ਲੈਂਦੀਆਂ ਪਰ ਦੋਵਾਂ ਸਰਕਾਰਾਂ ਵਲੋਂ ਹੀ ਅਜਿਹਾ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਪਿਛਲੇ 52 ਸਾਲਾਂ ਦੌਰਾਨ ਹਰਿਆਣਾ ਤੇ ਕਾਬਿਜ ਰਹੀਆਂ ਸਰਕਾਰਾਂ ਨੇ ਹਰਿਆਣਾ ਦਾ ਲੋੜੀਂਦਾ ਵਿਕਾਸ ਨਹੀਂ ਕੀਤਾ ਜਿਸ ਕਾਰਨ ਇਹ ਸੂਬਾ ਬੁਰੀ ਤਰ੍ਹਾਂ ਪਿਛੜ ਗਿਆ ਹੈ|
ਇਸ ਮੌਕੇ ਉਹਨਾਂ ਨੇ ਪੰਜਾਬ ਸਬੰਧੀ ਪੁਛੇ ਗਏ ਸਵਾਲਾਂ ਤੋਂ ਟਾਲਾ ਵੱਟੀ ਰੱਖਿਆ| ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਅਤੇ ਐਮ ਪੀ ਗਾਂਧੀ ਦੀਆਂ ਸਰਗਰਮੀਆਂ ਬਾਰੇ ਪੁਛੇ ਜਾਣ ਤੇ ਉਹਨਾਂ ਕਿਹਾ ਕਿ ਹਰ ਪਰਿਵਾਰ ਵਿੱਚ ਹੀ ਮਤਭੇਦ ਹੁੰਦੇ ਹਨ, ਇਹਨਾਂ ਮਤਭੇਦਾਂ ਨੂੰ ਰਲ ਮਿਲ ਕੇ ਹਲ ਕਰ ਲਿਆ ਜਾਵੇਗਾ|
ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਸ੍ਰੀ ਖਹਿਰਾ ਦਾ ਕਹਿਣਾ ਹੈ ਕਿ ਉਹ ਸ੍ਰੀ ਕੇਜਰੀਵਾਲ ਦੀ ਸ਼ਕਲ ਤੱਕ ਨਹੀਂ ਵੇਖਣਾ ਚਾਹੁੰਦੇ ਤਾਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਖਹਿਰਾ ਉਹਨਾਂ ਦੀ ਸ਼ਕਲ ਨਾ ਵੇਖਣ| ਉਹਨਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਮਜਬੂਤ ਹੈ ਅਤੇ ਇਸ ਅੱਗੇ ਕੋਈ ਸੰਕਟ ਨਹੀਂ ਹੈ|

Leave a Reply

Your email address will not be published. Required fields are marked *