ਐਸ.ਵਾਈ.ਐਲ ਮੁੱਦੇ ਤੇ ਸਥਿਤੀ ਨੂੰ ਸੰਭਾਲਣ ਲਈ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕਰੇ ਕੇਂਦਰ: ਕੈਪਟਨ ਅਮਰਿੰਦਰ

ਚੰਡੀਗੜ੍ਹ, 21 ਫਰਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨੈਲੋ ਵੱਲੋਂ ਖੁੱਲ੍ਹੇਆਮ ਕਾਨੂੰਨ ਨੂੰ ਲਲਕਾਰਨ ਤੇ ਖੂਫੀਆ ਤੰਤਰ ਦੀ ਐਸ.ਵਾਈ.ਐਲ ਮੁੱਦੇ ਤੇ ਅੱਤਵਾਦ ਦੇ ਮੁੜ ਖੜ੍ਹਾ ਹੋਣ ਦੇ ਖਤਰੇ ਸਬੰਧੀ ਰਿਪੋਰਟਾਂ ਦੇ ਮੱਦੇਨਜ਼ਰ 23 ਫਰਵਰੀ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਣ ਵਾਸਤੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਦਿਨ ਚੌਟਾਲਾ ਦੀ ਪਾਰਟੀ ਨੇ ਵਿਵਾਦਿਤ ਨਹਿਰ ਨੂੰ ਪੁੱਟਣ ਲਈ ਜਬਰਦਸਤੀ ਪੰਜਾਬ ਅੰਦਰ ਵੜਨ ਦੀ ਯੋਜਨਾ ਬਣਾਈ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਖੁਦ ਵਾਰ ਵਾਰ ਚੇਤਾਵਨੀ ਦਿੰਦੇ ਰਹੇ ਹਨ ਕਿ ਐਸ.ਵਾਈ.ਐਲ ਮੁੱਦੇ ਨਾਲ ਪੰਜਾਬ ਵਿੱਚ ਮੁੜ ਅੱਤਵਾਦ ਫੈਲਣ ਦੀ ਸ਼ੰਕਾ ਹੈ| ਇਸ ਲੜੀ ਹੇਠ, ਖੂਫੀਆ ਤੰਤਰ ਦੀਆਂ ਰਿਪੋਰਟਾਂ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਸਮਰਥਨ ਕਰ ਰਹੀਆਂ ਹਨ, ਜਿਹੜੀਆਂ ਹਾਲਾਤ ਹੱਥੋਂ ਨਿਕਲਣ ਤੋਂ ਪਹਿਲਾਂ ਇਨੈਲੋ ਤੇ ਇਸਦੇ ਆਗੂਆਂ ਉਪਰ ਕਾਰਵਾਈ ਦੀ ਲੋੜ ਨੂੰ ਮਜ਼ਬੂਤ ਬਣਾ ਦਿੰਦੀਆਂ ਹਨ|
ਇਸ ਲੜੀ ਹੇਠ, ਉਨ੍ਹਾਂ ਨੇ ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਸੁਰੱਖਿਆ ਵਜੋਂ ਕਦਮ ਚੁੱਕਣ ਤਹਿਤ ਇਨੈਲੋ ਆਗੂ ਅਭੈ ਚੋਟਾਲਾ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੋਟਾਲਾ ਦੀ ਪੇਰੋਲ ਰੱਦ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਹਾਲਾਤਾਂ ਨੂੰ ਗੰਭੀਰ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ| ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਮੁੱਦੇ ਤੇ ਅਭੈ ਦਾ ਅੜਨਾ, ਅਤੇ ਇਨ੍ਹਾਂ ਵੱਲੋਂ ਫੌਜ਼ ਸੱਦੇ ਜਾਣ ਦੇ ਬਾਵਜੂਦ ਐਸ.ਵਾਈ.ਐਲ ਉਪਰ ਅੱਗੇ ਵੱਧਣ ਦੀ ਧਮਕੀ, ਸੁਰੱਖਿਆ ਦੇ ਨਜ਼ਰੀਏ ਨਾਲ ਇਨ੍ਹਾਂ ਨੂੰ ਹਿਰਾਸਤ ਵਿੱਚ ਲਏ ਜਾਣ ਲਈ ਕਾਫੀ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨੈਲੋ ਵੱਲੋਂ ਧਮਕੀ ਦੇ ਮੱਦੇਨਜ਼ਰ          ਕੇਂਦਰ ਸਰਕਾਰ ਨੂੰ ਤੁਰੰਤ ਵੱਡੇ ਪੱਧਰ ਤੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕਰਨ ਸਬੰਧੀ ਆਦੇਸ਼ ਦੇਣੇ ਚਾਹੀਦੇ ਹਨ| ਉਨ੍ਹਾਂ ਨੇ ਕਿਹਾ ਕਿ ਅਭੈ ਚੋਟਾਲਾ ਵੱਲੋਂ ਲਲਕਾਰਨ ਤੇ ਭੜਕਾਊ ਬਿਆਨ ਜ਼ਾਰੀ ਕਰਨ ਦਾ, ਪੰਜਾਬ ਦੀ ਸ਼ਾਂਤੀ ਉਪਰ ਲੰਬੇ ਵਕਤ ਤੱਕ ਅਸਰ ਪੈ ਸਕਦਾ ਹੈ|
ਇਥੇ ਜ਼ਾਰੀ ਇਕ ਬਿਆਨ ਵਿੱਚ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਕ ਸਰਹੱਦੀ ਸੂਬਾ ਹੋਣ ਵਜੋਂ ਮੌਜ਼ੂਦਾ ਪਰਿਵਰਤਨਸ਼ੀਲ ਹਾਲਾਤਾਂ ਨਾਲ ਨਿਪਟਣ ਲਈ ਪੰਜਾਬ ਨੂੰ ਉਸਦੇ ਬਲਬੂਤੇ ਤੇ ਨਹੀਂ ਛੱਡਿਆ ਜਾ ਸਕਦਾ ਹੈ, ਅਤੇ ਖਾਸ ਕਰਕੇ ਉਦੋਂ, ਜਦੋਂ ਸੂਬੇ ਅੰਦਰ ਚੋਣਾਂ ਹੋ ਚੁੱਕੀਆਂ ਹਨ ਤੇ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਪ੍ਰਦੇਸ਼ ਦੇ ਹਿੱਤਾਂ ਦੀ ਰਾਖੀ ਵਾਸਤੇ ਕੋਈ ਵੀ ਸਰਕਾਰ ਸ਼ਾਸਨ ‘ਚ ਨਹੀਂ ਹੈ|
ਇਸੇ ਤਰ੍ਹਾਂ, ਅੰਬਾਲਾ ਵਿੱਚ ਸ਼ੱਕੀ ਇਨੈਲੋ ਵਰਕਰਾਂ ਵੱਲੋਂ ਟੋਹੇ ਪੁੱਟਣ ਦੀਆਂ ਖ਼ਬਰਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਜਿਥੋਂ ਇਨ੍ਹਾਂ ਦੀ ਪਾਰਟੀ ਨੇ ਨਿਕਲਣ ਦੀ ਯੋਜਨਾ ਬਣਾਈ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਰਿਆਣਾ ਸਰਕਾਰ ਖਤਰੇ ਨੂੰ ਸ਼ੁਰੂਆਤ ਵਿੱਚ ਹੀ ਦਬਾਉਣ ਪ੍ਰਤੀ ਗੰਭੀਰ ਨਹੀਂ ਹੈ| ਜਿਸ ਤੇ, ਉਨ੍ਹਾਂ ਨੇ ਕਿਹਾ ਕਿ ਇਨੈਲੋ ਅਗਵਾਈ ਨੂੰ ਰੋਕਣ ਵਾਸਤੇ ਸੁਰੱਖਿਆ ਦੇ ਨਜ਼ਰੀਏ ਨਾਲ ਸਿਰਫ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਹੀ ਪੰਜਾਬ ਦੀਆਂ ਸਰਹੱਦਾਂ ਦਾ ਉਲੰਘਣ ਕਰਨ ਸਬੰਧੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਸਕਦੀ ਹੈ|

Leave a Reply

Your email address will not be published. Required fields are marked *