ਐਸ-400 ਸਮਝੌਤੇ ਦੇ ਜਵਾਬ ਵਿੱਚ ਪਾਕਿ ਨੇ ਚੀਨ ਤੋਂ ਖਰੀਦੇ 48 ਮਿਲਟਰੀ ਡਰੋਨ

ਬੀਜਿੰਗ, 9 ਅਕਤੂਬਰ (ਸ.ਬ.) ਭਾਰਤ ਅਤੇ ਰੂਸ ਵਿਚਕਾਰ ਹੋਏ ਐੱਸ-400 ਸਮਝੌਤੇ ਦੇ ਜਵਾਬ ਵਿਚ ਪਾਕਿਸਤਾਨ ਅਤੇ ਚੀਨ ਵਿਚਕਾਰ ਮਿਲਟਰੀ ਡਰੋਨ ਸਮਝੌਤਾ ਹੋਇਆ ਹੈ| ਚੀਨ ਨੇ ਪਾਕਿਸਤਾਨ ਨੂੰ 48 ਹਾਈ ਕੁਆਲਿਟੀ ਮਿਲਟਰੀ ਡਰੋਨ ਵੇਚਣ ਦਾ ਫੈਸਲਾ ਕੀਤਾ ਹੈ| ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਵਿਚਕਾਰ ਇਹ ਆਪਣੀ ਤਰ੍ਹਾਂ ਦਾ ਵੱਡਾ ਸਮਝੌਤਾ ਹੈ| ਚੀਨ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ| ਇਸ ਸਮਝੌਤੇ ਵਿੱਚ ਖਰਚ ਹੋਣ ਵਾਲੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ| ਇਸ ਯੂ.ਏ.ਵੀ. ਨੂੰ ਚੇਂਗਡੁ ਏਅਰਕ੍ਰਾਫਟ ਇੰਡਸਟ੍ਰੀਅਲ ਨੇ ਬਣਾਇਆ ਹੈ|
ਇਸ ਮਿਲਟਰੀ ਡਰੋਨ ਯੂ.ਏ.ਵੀ. ਨੂੰ ਪਾਕਿਸਤਾਨ ਅਤੇ ਚੀਨ ਮਿਲ ਕੇ ਬਣਾਉਣਗੇ| ਚੀਨ ਨੇ ਇੱਕ ਰਿਪੋਰਟ ਵਿਚ ਕਿਹਾ ਕਿ ਚੀਨ ਇਸਲਾਮਾਬਾਦ ਦਾ ਸਭ ਤੋਂ ਵੱਡਾ ਸਾਥੀ ਹੈ| ਜੋ ਪਾਕਿਸਤਾਨ ਫੌਜ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਵੀ ਹੈ| ਦੋਵੇਂ ਦੇਸ਼ ਮਿਲ ਕੇ ਸਿੰਗਲ ਇੰਜਣ ਕਾਮਬੈਟ ਏਅਰਕ੍ਰਾਫਟ ਜੇ. ਐਫ. ਥੰਡਰ ਦਾ ਨਿਰਮਾਣ ਕਰ ਰਹੇ ਹਨ| ਜਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਲੰਬੇ ਸਮੇਂ ਤੋਂ ਚੀਨ ਤੋਂ ਮਿਲਟਰੀ ਡਰੋਨ ਖਰੀਦਣਾ ਚਾਹੁੰਦੀ ਸੀ ਪਰ ਭਾਰਤ ਅਤੇ ਰੂਸ ਵਿਚਕਾਰ ਹੋਏ ਐਸ-400 ਸਮਝੌਤੇ ਦੇ ਤੁਰੰਤ ਬਾਅਦ ਚੀਨ ਨੇ ਪਾਕਿਸਤਾਨ ਨੂੰ ਡਰੋਨ ਵੇਚਣ ਦੀ ਸਹਿਮਤੀ ਦੇ ਦਿੱਤੀ ਹੈ| ਪਾਕਿਸਤਾਨੀ ਹਵਾਈ ਫੌਜ ਦੀ ਸ਼ੇਰਦਿਲ ਏਅਰੋਬੈਟਿਕ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਇਸ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ| ਰਿਪੋਰਟ ਵਿੱਚ ਕਿਸੇ ਵੀ ਧਿਰ ਵੱਲੋਂ ਇਸ ਸਮਝੌਤੇ ਦੀ ਕੁੱਲ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ| ਰਿਪੋਰਟ ਵਿੱਚ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਸ ਦੀ ਡਿਲੀਵਰੀ ਕਦੋਂ ਹੋਵੇਗੀ| ਉੱਥੇ ਚੇਂਗਡੁ ਏਅਰਕ੍ਰਾਫਟ ਇੰਡਸਟ੍ਰੀਅਨ ਗਰੁੱਪ ਵੱਲੋਂ ਵੀ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ| ਜਿਕਰਯੋਗ ਹੈ ਕਿ ਜਿਸ ਡਰੋਨ ਦੀ ਡੀਲ ਪਾਕਿਸਤਾਨ ਨੇ ਚੀਨ ਨਾਲ ਕੀਤੀ ਹੈ ਉਸ ਦਾ ਨਾਮ ਵਿੰਗ ਲੂੰਗ 2 ਹੈ| ਇਸ ਨੇ ਪਹਿਲੀ ਉਡਾਣ ਬੀਤੇ ਸਾਲ ਫਰਵਰੀ ਵਿਚ ਭਰੀ ਸੀ|

Leave a Reply

Your email address will not be published. Required fields are marked *