ਓਟਾਵਾ ਵਿੱਚ ਸਵਾਰੀਆਂ ਤੇ ਚੜ੍ਹੀ ਬੱਸ, 3 ਵਿਅਕਤੀਆਂ ਦੀ ਮੌਤ ਤੇ ਕਈ ਜ਼ਖਮੀ

ਓਟਾਵਾ, 12 ਜਨਵਰੀ (ਸ.ਬ.) ਕੈਨੇਡਾ ਦੇ ਸ਼ਹਿਰ ਓਟਾਵਾ ਵਿੱਚ ਇਕ ਡਬਲ ਡੈਕਰ ਬੱਸ ਵੈਸਟਬੋਰੋ ਬੱਸ ਅੱਡੇ ਵਿੱਚ ਬੈਠੀਆਂ ਸਵਾਰੀਆਂ ਤੇ ਚੜ੍ਹ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 23 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਦੱਸਿਆ ਹੈ ਕਿ ਪਹਿਲਾਂ ਇਕ ਡਬਲ ਡੈਕਰ ਬੱਸ ਪਾਰਗਮਨ ਸ਼ੈਲਟਰ (ਬੱਸ ਅੱਡੇ) ਵਿੱਚ ਬੈਠੀਆਂ ਸਵਾਰੀਆਂ ਤੇ ਚੜ੍ਹ ਗਈ ਅਤੇ ਕਈਆਂ ਨੂੰ ਦਰੜ ਦਿੱਤਾ| ਪੁਲੀਸ ਮੁਖੀ ਚਾਰਲਸ ਬੋਡੈਰਲਿਊ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ|
ਉਨ੍ਹਾਂ ਦੱਸਿਆ ਕਿ ਪੁਲੀਸ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ| ਮੇਅਰ ਜਿਮ ਵਾਟਸਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚੋਂ ਦੋ ਬੱਸ ਵਿੱਚ ਸਵਾਰ ਸਨ ਅਤੇ ਇਕ ਅੱਡੇ ਵਿੱਚ ਬੈਠਾ ਸੀ| ਓਟਾਵਾ ਹਸਪਤਾਲ ਦੇ ਟ੍ਰਾਮਾ ਕੇਂਦਰ ਨੇ ਦੱਸਿਆ ਕਿ 9 ਜ਼ਖਮੀਆਂ ਦੀ ਹਾਲਤ ਗੰਭੀਰ ਹੈ| ਹਾਦਸੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ| ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਵਾਲੀ ਥਾਂ ਤੇ ਐਮਰਜੈਂਸੀ ਅਧਿਕਾਰੀ ਲੋਕਾਂ ਦੀ ਮਦਦ ਕਰ ਰਹੇ ਹਨ|
ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਬਰਫ ਨਾਲ ਭਰੀ ਸੜਕ ਤੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਹੋਵੇ ਤੇ ਇਹ ਹਾਦਸਾ ਵਾਪਰਿਆ ਹੋਵੇ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਾਦਸੇ ਤੇ ਦੁੱਖ ਪ੍ਰਗਟਾਇਆ ਹੈ| ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ|

Leave a Reply

Your email address will not be published. Required fields are marked *