ਔਰਤਾਂ ਉੱਪਰ ਹੁੰਦੇ ਜੁਲਮ ਅਤੇ ਹਿੰਸਾ ਰੋਕਣਾ ਸਰਕਾਰ ਦੀ ਜਿੰਮੇਵਾਰੀ

ਸਾਡੇ ਦੇਸ਼ ਵਿੱਚ ਔਰਤਾਂ ਉੱਪਰ ਹੁੰਦੀ ਹਿੰਸਾ ਅਤੇ ਉਹਨਾਂ ਨਾਲ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਮਹਿਲਾ ਜਾਂ ਨੌਜਵਾਨ ਲੜਕੀ ਨਾਲ ਗੈਂਗਰੇਪ ਦੀਆਂ ਖਬਰਾਂ ਟੀ ਵੀ ਚੈਨਲਾਂ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ| ਪਿਛਲੇ ਕੁੱਝ ਦਿਨਾਂ ਦੌਰਾਨ ਹਰਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਲੜਕੀਆਂ ਨਾਲ ਬਲਾਤਕਾਰ ਅਤੇ ਛੇੜਛਾੜ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਅਤੇ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਅਜਿਹੀਆਂ ਵਾਰਦਾਤਾਂ ਆਮ ਹਨ| ਕੁੱਝ ਦਿਨ ਪਹਿਲਾਂ ਦਿੱਲੀ ਵਿੱਚ ਇੱਕ ਪੁਲੀਸ ਮੁਲਾਜਮ ਦੇ ਪੁੱਤਰ ਨੇ ਇਕ ਔਰਤ ਨਾਲ ਜਬਰਦਸਤੀ ਸਬੰਧ ਬਣਾ ਕੇ ਉਸ ਦੀ ਭਾਰੀ ਕੁਟਮਾਰ ਵੀ ਕੀਤੀ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੇ ਦਖਲ ਤੋਂ ਬਾਅਦ ਪੁਲੀਸ ਵਲੋਂ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ| ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹਨ ਅਤੇ ਔਰਤਾਂ ਨਾਲ ਜੁਲਮ ਦੀ ਕੋਈ ਨਾ ਕੋਈ ਘਟਨਾ ਨਿੱਤ ਸਾਮ੍ਹਣੇ ਆਉਂਦੀ ਰਹਿੰਦੀ ਹੈ|
ਔਰਤਾਂ ਨਾਲ ਵਾਪਰਦੀਆਂ ਹਿੰਸਾ ਦੀਆਂ ਘਟਨਾਵਾਂ ਪਿੱਛੇ ਕਈ ਕਾਰਨ ਹਨ| ਕਈ ਵਾਰ ਲੋਕ ਆਪਣੀ ਦੁਸ਼ਮਣੀ ਕੱਢਣ ਲਈ ਵੀ ਲੜਕੀਆਂ ਨੂੰ ਹਥਿਆਰ ਬਣਾਉਂਦੇ ਹਨ ਅਤੇ ਇਹਨਾਂ ਦੀ ਆਪਸੀ ਦੁਸ਼ਮਣੀ ਦੀ ਕੀਮਤ ਲੜਕੀਆਂ ਨੂੰ ਜੁਲਮ ਸਹਿ ਕੇ ਚੁਕਾਉਣੀ ਪੈਂਦੀ ਹੈ| ਇਸਤੋਂ ਇਲਾਵਾ ਗੁੰਡਾ ਅਨਸਰਾਂ ਵਲੋਂ ਕਿਸੇ ਇਕੱਲੀ ਮਹਿਲਾ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਇਸੇ ਤਰ੍ਹਾਂ ਇੱਕਤਰਫਾ ਇਸ਼ਕ ਵਿੱਚ ਜਨੂਨੀ ਹੋਏ ਮੁੰਡਿਆਂ ਵਲੋਂ ਕੁੜੀਆਂ ਉੱਪਰ ਤੇਜਾਬ ਸੁੱਟਣ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ| ਔਰਤਾਂ ਨੂੰ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਦੇ ਜੁਲਮ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਅਤੇ ਉਹਨਾਂ ਨਾਲ ਜੋਰ ਜਬਰਦਸਤੀ ਅਤੇ ਕੁੱਟਮਾਰ ਦੇ ਜਿਆਦਾਤਰ ਮਾਮਲੇ ਉਹਨਾਂ ਦੇ ਘਰਾਂ ਵਿੱਚ ਹੀ ਵਾਪਰਦੇ ਹਨ|
ਕੋਈ ਸਮਾਂ ਹੁੰਦਾ ਸੀ ਜਦੋਂ ਪਿੰਡ ਦੇ ਹਰ ਵਿਅਕਤੀ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਭੈਣ ਸਮਝਿਆ ਜਾਂਦਾ ਸੀ ਅਤੇ ਪਿੰਡ ਦੇ ਮੁੰਡੇ ਪਿੰਡ ਦੀ ਧੀ ਭੈਣ ਵਲ ਅੱਖ ਚੁੱਕ ਕੇ ਵੀ ਨਹੀਂ ਸੀ ਵੇਖਦੇ ਪਰ ਹੁਣ ਤਾਂ ਪਿੰਡਾਂ ਦੇ ਮੁਹਲਿਆਂ ਵਿੱਚ ਹੀ ਮੁੰਡਿਆਂ ਵਲੋਂ ਮੁਹੱਲੇ ਵਿੱਚ ਰਹਿੰਦੀਆਂ ਕੁੜੀਆਂ ਨੂੰ ਹੀ ਬੇਪੱਤ ਕੀਤਾ ਜਾ ਰਿਹਾ ਹੈ| ਕੁਝ ਲੋਕ ਇਸ ਸਾਰੇ ਕੁੱਝ ਲਈ ਟੀ ਵੀ ਚੈਨਲਾਂ ਤੇ ਫੈਲਾਏ ਜਾ ਰਹੇ ਸਭਿਆਚਾਰਕ ਪ੍ਰਦੂਸ਼ਨ ਨੂੰ ਵੀ ਜਿੰਮੇਵਾਰ ਠਹਿਰਾਉਂਦੇ ਹਨ| ਉਹ ਕਹਿੰਦੇ ਹਨ ਕਿ ਇਹਨਾਂ ਚੈਨਲਾਂ ਰਾਹੀਂ ਪਰੋਸੀ ਜਾਂਦੀ ਅਸ਼ਲੀਲਤਾ ਕਾਰਨ ਨੌਜਵਾਨ ਮੁੰਡੇ ਗੁੰਮਰਾਹ ਹੋ ਰਹੇ ਹਨ| ਅਜਿਹਾ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕਿਸੇ ਲੜਕੀ ਦਾ ਸੁਹੱਪਣ ਵੇਖ ਕੇ ਹੀ ਨੌਜਵਾਨ ਮੁੰਡਿਆਂ ਵਲੋਂ ਉਸਨੂੰ ਅਗਵਾ ਕਰਕੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਦੇਸ਼ ਭਰ ਵਿੱਚ ਔਰਤਾਂ ਨਾਲ ਬਲਾਤਕਾਰ ਦੀਆਂ ਵਾਰਦਾਤਾਂ ਵਿੱਚ ਹੁੰਦਾ ਵਾਧਾ ਸਾਡੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ| ਭਾਰਤ ਵਿੱਚ ਹੁੰਦੇ ਗੈਂਗਰੇਪਾਂ ਕਾਰਨ ਭਾਰਤ ਦੀ ਪੂਰੀ ਦੁਨੀਆਂ ਵਿੱਚ ਹੀ ਬਦਨਾਮੀ ਹੋ ਰਹੀ ਹੈ| ਬਲਾਤਕਾਰ ਦੇ ਜਿਆਦਾਤਰ ਮਾਮਲੇ ਤਾਂ ਸਾਹਮਣੇ ਹੀ ਨਹੀਂ ਆਉਂਦੇ| ਸਮਾਜ ਦੇ ਵਤੀਰੇ ਤੋਂ ਡਰਦੀਆਂ ਔਰਤਾਂ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਹੀ ਨਹੀਂ ਦਿੰਦੀਆਂ| ਹੋਰ ਤਾਂ ਹੋਰ ਸਕੂਲਾਂ ਕਾਲਜਾਂ ਵਿੱਚ ਪੜਦੀਆਂ ਲੜਕੀਆਂ ਦਾ ਉਹਨਾਂ ਦੇ ਅਧਿਆਪਕਾਂ ਵਲੋਂ ਹੀ ਸ਼ਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਪੇਪਰਾਂ ਵਿੱਚ ਜਿਆਦਾ ਨੰਬਰ ਦੇਣ ਦਾ ਲਾਲਚ ਦੇ ਕੇ ਕਈ ਅਧਿਆਪਕ ਆਪਣੇ ਕੋਲ ਪੜਦੀਆਂ ਲੜਕੀਆਂ ਦਾ ਸਰੀਰਕ ਸੋਸਣ ਕਰਦੇ ਰਹਿੰਦੇ ਹਨ|
ਔਰਤ ਨੂੰ ਜਗ ਜਣਨੀ ਕਿਹਾ ਜਾਂਦਾ ਹੈ ਪਰ ਇਸ ਜਗ ਜਣਨੀ ਨੂੰ ਹੀ ਬਲਾਤਕਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ| ਸਾਡੇ ਦੇਸ਼ ਵਿੱਚ ਗਊ ਰਖਿਆ ਦੇ ਨਾਮ ਉਪਰ ਬੇਦੋਸ਼ੇ ਲੋਕਾਂ ਨੂੰ ਕਤਲ ਤਕ ਕਰ ਦਿੱਤਾ ਜਾਂਦਾ ਹੈ ਪਰੰਤੂ ਸਵਾਲ ਇਹ ਉਠਦਾ ਹੈ ਕਿ ਗਊ ਰਖਿਆ ਦੇ ਨਾਮ ਉਪਰ ਇਕੱਤਰ ਹੁੰਦੀ ਭੀੜ ਔਰਤਾਂ ਨਾਲ ਬਲਾਤਕਾਰ ਹੋਣ ਵੇਲੇ ਕਿਉਂ ਚੁਪ ਰਹਿੰਦੀ ਹੈ|
ਔਰਤਾਂ ਉੱਪਰ ਹੁੰਦੇ ਜੁਲਮਾਂ ਅਤੇ ਉਹਨਾਂ ਨਾਲ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਤੇ ਕਾਬੂ ਕਰਨਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ ਪਰੰਤੂ ਸਰਕਾਰਾਂ ਵਲੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| ਔਰਤਾਂ ਦੀ ਸੁਰਖਿਆ ਯਕੀਨੀ ਕਰਨਾ ਅਤੇ ਉਹਨਾਂ ਖਿਲਾਫ ਵਾਪਰਦੇ ਹਾਦਸਿਆਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *