ਔਰਤਾਂ ਨੂੰ ਸਵੈ-ਰੁਜਗਾਰ ਧੰਦਿਆਂ ਦੀ ਸਿਖਲਾਈ ਲੈ ਕੇ ਆਤਮ ਨਿਰਭਰ ਬਨਣ ਦੀ ਲੋੜ : ਬਲਬੀਰ ਸਿੱਧੂ

ਐਸ਼.ਏ.ਐਸ. ਨਗਰ, 30 ਨਵੰਬਰ (ਸ.ਬ.) ਪੰਜਾਬ ਸਰਕਾਰ ਰਾਜ ਵਿਚ ਔਰਤਾਂ ਦੇ ਸਸ਼ਕਤੀਕਰਣ ਲਈ ਵਚਨਬੱਧ ਹੈ ਅਤੇ ਔਰਤਾਂ ਨੂੰ ਸਵੈ-ਰੁਜ਼ਗਾਰ ਧੰਦਿਆਂ ਦੀ ਮੁਫਤ ਸਿਖਲਾਈ ਦੇ ਕੇ ਉਨ੍ਹਾਂ ਨੂੰ ਘੱਟ ਵਿਆਜ ਤੇ ਕਰਜੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹ ਖੁਦ ਆਪਣੇ ਸਵੈ-ਰੁਜ਼ਗਾਰ ਧੰਦੇ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਣ| ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਨੇੜਲੇ ਪਿੰਡ ਦੁਰਾਲੀ ਵਿਖੇ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ 30 ਔਰਤਾਂ ਅਤੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਸਿਖਲਾਈ ਪ੍ਰਾਪਤ ਕਰਨ ਤੇ ਕਰਵਾਏ ਗਏ ਸਮਾਪਤੀ ਸਮਾਰੋਹ ਮੌਕੇ ਸਰਟੀਫਿਕੇਟ ਵੰਡਣ ਉਪਰੰਤ ਆਪਣੇ ਸੰਬੋਧਨ ਵਿਚ ਕੀਤਾ|
ਸ੍ਰ: ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿਲਾਈ, ਕਢਾਈ ਦਾ ਕਿੱਤਾ ਔਰਤਾਂ ਲਈ ਬੇਹੱਦ ਲਾਹੇਵੰਦ ਹੈ ਅਤੇ ਔਰਤਾਂ ਨੂੰ ਸਿਖਲਾਈ ਪ੍ਰਾਪਤ ਕਰਨ ਉਪਰੰਤ ਬੂਟੀਕ ਖੋਲਣੇ ਚਾਹੀਦੇ ਹਨ| ਇਸ ਤੋਂ ਇਲਾਵਾ ਸਿਲਾਈ ਕਢਾਈ ਦਾ ਧੰਦਾ ਸੈਲਫ ਹੈਲਪ ਗਰੁੱਪ ਬਣਾ ਕੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ| ਜਿਸ ਲਈ ਘੱਟ ਵਿਆਜ ਤੇ ਕਰਜਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਸੋਹਾਣਾ ਅਤੇ ਖਿਜਰਾਬਾਦ ਵਿਖੇ ਰੂਰਲ ਮਾਰਟ ਹੱਟ ਸਥਾਪਿਤ ਕੀਤੇ ਗਏ ਹਨ| ਜਿੱਥੇ ਕਿ ਉਹ ਆਪਣੇ ਵੱਲੋਂ ਤਿਆਰ ਕੀਤੀਆਂ ਵਸਤਾਂ ਨੂੰ ਵੇਚ ਸਕਦੇ ਹਨ| ਉਨ੍ਹਾਂ ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਈ ਜਾ ਰਹੀ ਦਿਹਾਤੀ ਸਵੈ ਰੁਜਗਾਰ ਸਿਖਲਾਈ ਸੰਸਥਾ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਔਰਤਾਂ ਦੇ ਸਸ਼ਕਤੀਕਰਣ ਦਾ ਬੀੜਾ ਚੁੱਕਿਆ ਗਿਆ ਹੈ| ਜਿਸ ਨਾਲ ਔਰਤਾਂ ਸਵੈ ਰੁਜ਼ਗਾਰ ਧੰਦਿਆ ਦੀ ਸਿਖਲਾਈ ਪ੍ਰਾਪਤ ਕਰਕੇ ਆਤਮ ਨਿਰਭਰ ਬਣਦੀਆਂ ਹਨ|

Leave a Reply

Your email address will not be published. Required fields are marked *