ਔਰਤਾਂ ਵਿੱਚੋਂ ਕ੍ਰਿਸਟੀਨਾ ਨੇ ਬਣਾਇਆ ਪੁਲਾੜ ਸਟੇਸ਼ਨ ਵਿੱਚ ਜ਼ਿਆਦਾ ਸਮਾਂ ਰਹਿਣ ਦਾ ਰਿਕਾਰਡ

ਵਾਸ਼ਿੰਗਟਨ, 18 ਅਪ੍ਰੈਲ (ਸ.ਬ.) ਨਾਸਾ ਦੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਇਕ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵਿਚ ਹੈ| ਕ੍ਰਿਸਟੀਨਾ ਦੀ ਪੁਲਾੜ ਮੁਹਿੰਮ ਦੀ ਮਿਆਦ ਵਿੱਚ ਵਿਸਥਾਰ ਹੋਣ ਦੇ ਨਾਲ ਹੁਣ ਉਹ ਪੁਲਾੜ ਸਟੇਸ਼ਨ ਵਿਚ 328 ਦਿਨ ਬਿਤਾਉਣ ਦਾ ਇਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹੈ| ਕਿਸੇ ਵੀ ਮਹਿਲਾ ਵੱਲੋਂ ਪੁਲਾੜ ਸਟੇਸ਼ਨ ਵਿਚ ਬਿਤਾਇਆ ਗਿਆ ਇਹ ਸਭ ਤੋਂ ਜ਼ਿਆਦਾ ਸਮਾਂ ਹੋਵੇਗਾ| ਕ੍ਰਿਸਟੀਨਾ 14 ਮਾਰਚ ਨੂੰ ਪੁਲਾੜ ਸਟੇਸ਼ਨ ਪਹੁੰਚੀ ਸੀ ਅਤੇ ਹੁਣ ਤਿਆਰ ਸਮਾਂ ਸਾਰਣੀ ਮੁਤਾਬਕ ਉਹ ਫਰਵਰੀ 2020 ਤੱਕ ਉੱਥੇ ਰਹੇਗੀ|
ਇਸ ਤੋਂ ਪਹਿਲਾਂ ਸਾਲ 2016-17 ਵਿਚ ਪੁਲਾੜ ਯਾਤਰੀ ਪੈਗੀ ਵ੍ਹੀਟਸਨ ਨੇ 288 ਦਿਨ ਪੁਲਾੜ ਸਟੇਸ਼ਨ ਵਿਚ ਬਿਤਾਉਣ ਦਾ ਰਿਕਾਰਡ ਬਣਾਇਆ ਸੀ| ਪੁਰਸ਼ਾਂ ਵਿਚ ਸਭ ਤੋਂ ਵੱਧ 340 ਦਿਨ ਸਕੌਟ ਕੇਲੀ ਨੇ ਪੁਲਾੜ ਸਟੇਸ਼ਨ ਵਿੱਚ ਬਿਤਾਏ ਹਨ| ਇਹ ਰਿਕਾਰਡ ਸਾਲ 2015-16 ਵਿਚ ਬਣਾਇਆ ਗਿਆ ਸੀ| ਨਾਸਾ ਅਤੇ ਉਸ ਦੇ ਆਈ.ਐਸ.ਐਸ. ਸਹਿਯੋਗੀ ਨੇ ਭਵਿੱਖ ਲਈ ਨਵੀਂ ਸਮਾਂ ਸੂਚੀ ਅਤੇ ਨਵੇਂ ਚਾਲਕ ਦਲ ਲਈ ਪ੍ਰੋਗਰਾਮ ਤੈਅ ਕੀਤਾ ਹੈ| ਜਿਸ ਮੁਤਾਬਕ ਨਾਸਾ ਦੀ ਪੁਲਾੜ ਯਾਤਰੀ ਜੇਸਿਕਾ ਮੇਅਰ ਆਪਣੀ ਪਹਿਲੀ ਯਾਤਰਾ ਤੇ ਜਾਵੇਗੀ ਅਤ ਨਾਸਾ ਦੇ ਪੁਲਾੜ ਯਾਤਰੀ ਐਂਡੂ ਮੋਗਰਨ ਦੀ ਯਾਤਰਾ ਵਿਚ ਵਿਸਥਾਰ ਕੀਤਾ ਜਾਵੇਗਾ|

Leave a Reply

Your email address will not be published. Required fields are marked *