ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਦੀ ਨਵੀਂ ਸਰਕਾਰ ਨੂੰ

ਐਸ ਏ ਐਸ ਨਗਰ,22 ਫਰਵਰੀ (ਜਗਮੋਹਨ ਸਿੰਘ) ਪੰਜਾਬ ਵਿਚ 4 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜੇ ਆਉਣ ਵਿਚ ਕੁਝ ਹੀ ਦਿਨ ਰਹਿ ਗਏ ਹਨ ਅਤੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੀ ਪੰਜਾਬ ਵਿਚ ਨਵੀਂ ਸਰਕਾਰ ਦਾ ਗਠਨ ਹੋ ਜਾਣਾ ਹੈ| ਪੰਜਾਬ ਵਿਚ ਨਵੀਂ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣੇ ਪਰ ਪੰਜਾਬ ਦੀ ਇਸ ਨਵੀਂ ਸਰਕਾਰ ਨੂੰ ਹੋਂਦ ਵਿਚ ਆਉਂਦਿਆਂ ਹੀ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ|
ਪੰਜਾਬ ਦੀ ਸੱਤਾ ਉਪਰ ਬਿਰਾਜਮਾਨ ਹੋਣ ਵਾਲੀ ਨਵੀਂ ਸਰਕਾਰ ਲਈ ਇਹ ਤਾਜ ਅਸਲ ਵਿਚ ਕੰਢਿਆ ਦਾ ਤਾਜ ਬਣਨ ਵਾਲਾ ਹੈ,ਕਿਉਂਕਿ ਪੰਜਾਬ ਨੂੰ ਇਸ ਸਮੇਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|  ਨਵੀਂ ਪੰਜਾਬ ਸਰਕਾਰ ਅੱਗੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਸਿਰ ਚੜੇ ਕਰਜੇ ਦੀ ਹੈ| ਨਵੀਂ ਸਰਕਾਰ ਨੂੰ ਵਿਰਾਸਤ ਵਿਚ ਪੰਜਾਬ ਸਿਰ ਚੜਿਆ ਡੇਢ ਲੱਖ ਰੁਪਏ ਦਾ ਕਰਜਾ ਮਿਲਣ ਵਾਲਾ ਹੈ ਅਤੇ ਕਰਜੇ ਦੀ ਇਹ ਪੰਡ ਨਵੀਂ ਸਰਕਾਰ ਲਈ ਇਕ ਸਮਸਿਆ ਬਣ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ| ਭਾਵੇਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਿਰ ਇਹ ਕਰਜਾ ਉਸ ਸਮੇਂ ਚੜਿਆ ਜਦੋਂ ਪੰਜਾਬ ਵਿਚ ਅੱਤਵਾਦ ਦਾ ਬੋਲਬਾਲਾ ਸੀ, ਇਸ ਕਰਕੇ ਹੀ ਪੰਜਾਬ ਦੇ ਕਈ ਰਾਜਸੀ ਆਗੂ ਪੰਜਾਬ ਸਿਰ ਚੜਿਆ ਇਹ ਕਰਜਾ ਮਾਫ ਕਰਨ ਦੀ ਮੰਗ ਕਰਦੇ ਰਹੇ ਹਨ ਪਰ ਇਸ ਕਰਜੇ ਦਾ ਭਾਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਕਰਕੇ ਇਸ ਕਰਜੇ ਤੋਂ ਪੰਜਾਬ ਨੁੰ ਮੁਕਤ ਕਰਨਾ ਵੀ ਪੰਜਾਬ ਦੀ ਨਵੀਂ ਸਰਕਾਰ ਅੱਗੇ ਇਕ ਵੱਡੀ ਚੁਣੌਤੀ ਹੋਵੇਗਾ|
ਇਸ ਤੋਂ ਇਲਾਵਾ ਸਤਿਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ ਇਕ ਵਾਰ ਫੇਰ ਭਖ ਗਿਆ ਹੈ| ਪੰਜਾਬ ਦੀ ਨਵੀਂ ਸਰਕਾਰ ਇਸ ਮਾਮਲੇ ਸਬੰਧੀ ਕਿਸ ਤਰਾਂ ਦਾ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਪਰ ਇਸ ਸਮੇਂ ਪੰਜਾਬ ਅਤੇ ਹਰਿਆਣਾ ਦੇ ਰਾਜਸੀ ਆਗੂ ਸਤਲੁੱਜ ਯਮੁਨਾ ਲਿੰਕ ਨਹਿਰ ਉਪਰ ਆਪੋ ਆਪਣੇ ਰਾਜ ਦਾ ਹੱਕ ਦਸਦਿਆਂ ਬਿਆਨਬਾਜੀ ਕਰ ਰਹੇ ਹਨ| ਹਰਿਆਣਾ ਦੇ ਕਈ ਆਗੂ ਇਹ ਨਹਿਰ ਖੁਦ ਹੀ ਪੁੱਟਣ ਦੀ ਗਲ ਕਹਿ ਰਹੇ ਹਨ ਜਦੋਂ ਕਿ ਪੰਜਾਬ ਦੇ ਕਈ ਆਗੂ ਇਹ ਨਹਿਰ ਬੰਦ ਕਰਨ ਦੀ ਗਲ ਕਰ ਰਹੇ ਹਨ, ਜਿਸ ਕਰਕੇ ਇਸ ਨਹਿਰ ਦਾ ਮੁੱਦਾ ਵੀ ਬਹੁਤ ਭੱਖ ਗਿਆ ਹੈ, ਜਿਸ ਨੂੰ ਹੱਲ ਕਰਨਾ ਪੰਜਾਬ ਦੀ ਨਵੀਂ ਸਰਕਾਰ ਲਈ ਗੰਭੀਰ ਚੁਣੌਤੀ                 ਹੋਵੇਗਾ|
ਲਗਾਤਾਰ ਵੱਧਦੀ ਬੇਰੁਜਗਾਰੀ ਵੀ ਨਵੀਂ ਸਰਕਾਰ ਅੱਗੇ ਗੰਭੀਰ ਚੁਣੌਤੀ ਹੋਵੇਗੀ| ਪੰਜਾਬ ਵਿਚ ਇਸ ਸਮੇਂ ਲੱਖਾਂ ਨੌਜਵਾਨ ਵਿਹਲੇ ਫਿਰਦੇ ਹਨ,ਜਿਹਨਾਂ ਵਿਚ ਪੜੇ ਲਿਖੇ ਨੌਜਵਾਨਾਂ ਦੀ ਗਿਣਤੀ ਬਹੁਤ ਜਿਆਦਾ ਹੈ| ਹਰ ਸਾਲ ਹੀ ਹਜਾਰਾਂ ਵਿਦਿਆਰਥੀ ਡਿਗਰੀਆਂ ਪਾਸ ਕਰਕੇ ਨੌਕਰੀ ਦੀ ਭਾਲ ਵਿਚ ਜੁਟ ਜਾਂਦੇ ਹਨ ਪਰ ਵੱਡੀ ਗਿਣਤੀ ਲੋਕਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ| ਕਈ ਵਾਰ ਤਾਂ ਇਸ ਤਰਾਂ ਵੀ ਹੁੰਦਾ ਹੈ ਕਿ ਇਕ ਘਰ ਦੇ ਪੰਜ ਪੰਜ ਮੈਂਬਰ ਹੀ ਸਰਕਾਰੀ ਨੌਕਰੀ ਕਰਦੇ ਹੁੰਦੇ ਹਨ ਪਰ ਕਈ ਘਰਾਂ ਵਿਚ ਕਿਸੇ ਵੀ ਮੈਂਬਰ ਕੋਲ ਸਰਕਾਰੀ ਨੌਕਰੀ ਨਹੀਂ ਹੁੰਦੀ, ਇਸ ਤਰਾਂ ਸਮਾਜ ਵਿਚ ਅਸਾਵਾਂਪਣ ਆਜਾਂਦਾ ਹੈ| ਬੇਰੁਜਗਾਰਾਂ ਦੀ ਭੀੜ ਨੂੰ ਘਟ ਕਰਨ ਲਈ ਨਵੀਂ ਸਰਕਾਰ ਨੂੰ ਨਵੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਅਤੇ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨੇ ਹੋਣਗੇ|
ਇਸ ਤੋਂ ਇਲਾਵਾ ਨਸ਼ੇ ਦਾ ਦੈਂਤ ਵੀ ਪੰਜਾਬ ਦੀ ਨਵੀਂ ਸਰਕਾਰ ਲਈ ਇਕ ਗੰਭੀਰ ਚੁਣੌਤੀ ਹੋਵੇਗਾ| ਇਸ ਸਮੇਂ ਨਸ਼ਿਆਂ ਕਾਰਨ ਪੰਜਾਬ ਪੂਰੀ ਦੁਨੀਆਂ ਵਿਚ ਹੀ ਬਦਨਾਮ ਹੋ ਰਿਹਾ ਹੈ| ਪੰਜਾਬ ਵਿਚ ਵੱਡੀ ਗਿਣਤੀ ਲੋਕ ਨਸ਼ੇ ਕਰ ਰਹੇ ਹਨ, ਜਿਸ ਕਰਕੇ ਪੰਜਾਬੀਆਂ ਵਿਚ ਹਰ ਪਾਸੇ ਹੀ ਬਦਨਾਮੀ ਹੋ ਰਹੀ ਹੈ| ਕਿਹਾ ਜਾ ਰਿਹਾ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਜਿਸ ਕਰਕੇ  ਗੁਆਂਢੀ ਦੇਸ਼ ਵੀ ਗਲਤ ਤਰੀਕੇ ਅਪਨਾਅ ਕੇ ਪੰਜਾਬ ਵਿਚ ਨਸ਼ਾ ਸਪਲਾਈ ਕਰਦਾ ਰਹਿੰਦਾ ਹੈ| ਇਸ ਸਮੇਂ ਵੱਡੀ ਗਿਣਤੀ ਲੋਕ ਨਸ਼ੇ ਦੀ ਦਲਦਲ ਵਿਚ ਫਸ ਚੁਕੇ ਹਨ,ਜਿਸ ਕਰਕੇ ਇਹ ਨਸ਼ਾ ਇਕ ਗੰਭੀਰ ਸਮਸਿਆ ਬਣ ਗਿਆ ਹੈ | ਪੰਜਾਬ ਦੀ ਨਵੀਂ ਸਰਕਾਰ ਨੂੰ ਪੰਜਾਬ ਵਿਚ ਚਲ ਰਹੇ ਨਸ਼ੇ ਨੂੰ ਰੋਕਣ ਲਈ ਵੀ ਉਸਾਰੂ ਕਦਮ ਚੁਕਣੇ ਪੈਣਗੇ|
ਇਸ ਤੋਂ ਇਲਾਵਾ ਆਵਾਜਾਈ ਦੇ ਸਾਧਨਾਂ ਵਿਚ ਹੋਰ ਸੁਧਾਰ ਲਈ ਵੀ ਨਵੀਂ ਸਰਕਾਰ ਨੂੰ ਵਿਸ਼ੇਸ ਕਦਮ ਚੁਕਣੇ ਪੈਣਗੇ| ਭਾਵੇਂ ਕਿ ਬਾਦਲ ਸਰਕਾਰ ਨੇ ਵੀ ਆਪਣੇ ਕਾਰਜਕਾਲ ਦੌਰਾਨ ਪੰਜਾਬ ਰੋਡਵੇਜ ਅਤੇ ਪੀ ਆ ਰ ਟੀ ਸੀ ਵਿਚ ਵੱਡੀ ਗਿਣਤੀ ਨਵੀਆਂ ਬੱਸਾਂ ਚਲਾਈਆਂ ਹਨ  ਪਰ ਅਜੇ ਵੀ                ਅਨੇਕਾਂ ਰੁਟਾਂ ਉਪਰ ਵੱਡੀ ਗਿਣਤੀ ਬੱਸਾਂ ਪੁਰਾਣੀਆਂ ਹੀ ਚੱਲ ਰਹੀਆਂ ਹਨ ਜੋ ਕਿ ਅੱਧਵਿਚਾਲੇ ਜਿਹੇ ਹੀ ਖੜ ਜਾਂਦੀਆਂ ਹਨ,ਜਿਸ ਕਰਕੇ ਇਹਨਾਂ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਆਵਾਜਾਈ ਦੇ ਬਿਹਤਰ ਸਾਧਨ ਮੁਹਈਆਂ ਕਰਵਾਉਣਾ ਵੀ ਨਵੀਂ ਸਰਕਾਰ ਲਈ ਇਕ ਨਵੀਂ ਚੁਣੌਤੀ ਹੋਵੇਗਾ|
ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਅਨੇਕਾਂ  ਅਜਿਹੇ ਮਸਲੇ ਹਨ, ਜਿਹੜੇ ਕਿ ਨਵੀਂ ਸਰਕਾਰ ਲਈ ਇਕ ਗੰਭੀਰ ਚੁਣੌਤੀ ਬਣਨਗੇ| ਹੁਣ ਪੰਜਾਬ ਦੀ ਨਵੀਂ ਬਣਨ ਵਾਲੀ ਸਰਕਾਰ ਇਹਨਾਂ ਮਸਲਿਆਂ ਨੁੰ ਕਿਸ ਤਰਾਂ ਹੱਲ ਕਰਦੀ ਹੈ ਤਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ|

Leave a Reply

Your email address will not be published. Required fields are marked *