ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਮੁਹਾਲੀ ਦੇ ਵਸਨੀਕ

 
ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਇੱਕ ਵਿਸ਼ਵ ਪੱਧਰੀ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਲ ਹੈ, ਪਰੰਤੂ ਸ਼ਹਿਰ ਦੇ ਵਸਨੀਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ| 
ਮੁਹਾਲੀ ਸ਼ਹਿਰ ਵਿੱਚ ਆਪਣਾ ਮਕਾਨ ਬਣਾਉਣਾ ਹਰ ਪੰਜਾਬੀ ਲਈ ਇਕ ਸੁਪਨਾ ਹੁੰਦਾ ਹੈ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਲੋਕਾਂ ਦੇ ਨਾਲ ਨਾਲ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ  ਵੀ ਮੁਹਾਲੀ ਵਿਚ ਰੈਣ ਵਸੇਰ ਬਣਾਏ ਹੋਏ ਹਨ| ਇਸ ਤੋਂ ਇਲਾਵਾ ਸੇਵਾਮੁਕਤ ਫੌਜੀਆਂ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਦੀ ਵੀ ਵੱਡੀ ਗਿਣਤੀ ਇੱਥੇ ਵਸਦੀ ਹੈ| 
ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁਹਾਲੀ ਪੜੇ ਲਿਖੇ ਲੋਕਾਂ ਦਾ ਸ਼ਹਿਰ ਹੈ, ਪਰੰਤੂ ਸ਼ਹਿਰ ਵਾਸੀਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਆਵਾਰਾ ਪਸ਼ੂ ਅਤੇ ਆਵਾਰਾ ਕੁੱਤੇ ਹਨ| ਹਾਲਾਤ ਇਹ ਹਨ ਕਿ ਆਵਾਰਾ ਪਸ਼ੂਆਂ ਦੇ ਨਾਲ ਨਾਲ ਪਸ਼ੂ ਪਾਲਕਾਂ ਦੀਆਂ ਪਾਲਤੂ ਮੱਝਾਂ ਵੀ ਸ਼ਹਿਰ ਵਿੱਚ ਆਵਾਰਾ ਘੁੰਮਦੀਆਂ ਰਹਿੰਦੀਆਂ  ਹਨ| ਇਹ ਆਵਾਰਾ ਡੰਗਰ ਅਤੇ ਪਾਲਤੂ ਮੱਝਾਂ ਜਿੱਥੇ ਆਵਾਜਾਈ ਵਿਚ ਵਿਘਣ ਪਾਉਂਦੇ ਹਨ, ਉਥੇ ਇਹਨਾਂ ਕਾਰਨ ਕਈ ਹਾਦਸੇ ਵੀ ਵਾਪਰਦੇ ਹਨ| ਕਈ ਵਾਰ ਤਾਂ ਇਹ ਡੰਗਰ ਰਾਹਗੀਰਾਂ ਨੂੰ ਟੱਕਰ ਮਾਰਨ ਤਕ ਵੀ ਜਾਂਦੇ ਹਨ| ਇਸ ਤੋਂ ਇਲਾਵਾ ਇਹ ਆਵਾਰਾ ਅਤੇ ਪਾਲਤੂ ਡੰਗਰ ਲੋਕਾਂ ਦੇ ਘਰਾਂ ਅੱਗੇ ਮਲ ਮੂਤਰ ਕਰਕੇ ਗੰਦਗੀ ਪਾ ਦਿੰਦੇ ਹਨ| 
ਸ਼ਹਿਰ ਵਿਚ ਆਵਾਰਾ ਕੁਤਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ, ਭਾਵੇਂ ਕਿ ਪ੍ਰਸ਼ਾਸਨ ਵਲੋਂ ਆਵਾਰਾ ਕੁਤਿਆਂ ਦੀ ਗਿਣਤੀ ਕਾਬੂ ਕਰਨ ਲਈ ਕੁਤਿਆਂ ਦੀ ਨਸਬੰਦੀ ਸਕੀਮ ਵੀ ਚਲਾਈ ਜਾਂਦੀ ਹੈ, ਪਰੰਤੂ ਉਸਦੇ ਵੀ ਖਾਸ ਨਤੀਜੇ ਨਹੀਂ           ਨਿਕਲੇ| ਇਹ ਕੁੱਤੇ ਜਿੱਥੇ ਰਾਹ ਜਾਂਦੇ ਲੋਕਾਂ ਨੈੰ ਕੱਟਣ ਦਾ ਯਤਨ ਕਰਦੇ ਹਨ, ਉਥੇ ਇਹਨਾਂ ਕਾਰਨ ਅਨੇਕਾਂ ਹਾਦਸੇ ਵੀ ਵਾਪਰ ਚੁਕੇ ਹਨ| ਇਹਨਾਂ ਕੁਤਿਆਂ ਦਾ ਆਤੰਕ ਇੰਨਾ ਜਿਆਦਾ ਹੈ ਕਿ ਇਹਨਾਂ ਕੁਤਿਆਂ ਦੇ ਡਰ ਕਾਰਨ ਬੱਚੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ| 
ਸ਼ਹਿਰ ਦੀਆਂ ਅਨੇਕਾਂ ਸੜਕਾਂ ਦੀ ਮਾੜੀ ਹਾਲਤ ਵੀ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਹੈ| ਟੁੱਟੀਆਂ ਸੜਕਾਂ, ਟੁੱਟੀਆਂ ਰੇਲਿੰਗਾਂ, ਸੜਕਾਂ ਕਿਨਾਰੇ ਅਤੇ ਗਰੀਨ ਬੈਲਟਾਂ ਵਿਚ ਜਮੀਨ ਤੋਂ ਊਖੜ ਕੇ ਥਾਂ ਥਾਂ ਡਿਗੇ ਪਏ ਦਰਖਤ ਸ਼ਹਿਰ ਦੀ ਸੁੰਦਰਤਾ ਦਾ ਮੂੰਹ ਚਿੜਾਉਂਦੇ ਹਨ| 
ਸ਼ਹਿਰ ਵਿੱਚ ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ ਵੀ ਸ਼ਹਿਰ ਵਾਸੀਆ ਲਈ ਸਮੱਸਿਆ ਦਾ ਕਾਰਨ ਹਨ| ਸ਼ਾਮ ਵੇਲੇ ਇਹਨਾਂ                     ਰੇਹੜੀਆਂ ਫੜੀਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਇਹਨਾਂ ਕਾਰਨ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਹਨਾਂ ਰੇਹੜੀਆਂ ਤੇ ਇਕੱਠੇ ਹੋਣ ਵਾਲੇ ਨੌਜਵਾਨਾਂ ਦੇ ਟੋਲਿਆਂ ਵਿੱਚ ਅਕਸਰ ਆਪਸੀ ਝਗੜੇ ਵੀ ਹੁੰਦੇ ਹਨ ਅਤੇ ਇਸ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ| 
ਸ਼ਹਿਰ ਵਿਚ ਬੇਲਗਾਮ ਘੁੰਮ ਰਹੇ ਆਟੋ ਰਿਕਸ਼ੇ ਵੀ ਟੈਫਿਕ ਵਿਵਸਥਾ ਵਾਸਤੇ ਵੱਡੀ ਸਮੱਸਿਆ ਬਣੇ ਹੋਏ ਹਨ| ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ| 
ਇਸ ਸੰਬੰਧੀ ਸਮਾਜਸੇਵੀ ਆਗੂ ਜੋਗਿੰਦਰ ਸਿੰਘ ਜੋਗੀ ਕਹਿੰਦੇ ਹਨ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਹਲਕੇ ਵਿੱਚ ਲਏ ਜਾਣ ਕਾਰਨ ਇਹ ਸਮੱਸਿਆਵਾਂ ਲਗਾਤਾਰ ਵੰਧ ਰਹੀਆਂ ਹਨ ਅਤੇ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾ ਨੂੰ ਹਲ ਕੀਤਾ ਜਾ ਸਕੇ| 

Leave a Reply

Your email address will not be published. Required fields are marked *