ਕਈ ਪੱਖਾਂ ਤੋਂ ਮਹੱਤਵਪੂਰਨ ਹੋਵੇਗੀ ਟਰੰਪ ਅਤੇ ਕਿਮਯੋਂਗ ਵਿਚਾਲੇ ਹੋਣ ਵਾਲੀ ਮੁਲਾਕਾਤ

ਇਹ ਪੂਰੀ ਦੁਨੀਆਂ ਲਈ ਰਾਹਤ ਦੀ ਖਬਰ ਹੈ ਕਿ ਮਈ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀ ਮੁਲਾਕਾਤ ਹੋ ਸਕਦੀ ਹੈ| ਦੱਖਣ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਈਯੂ ਯੋਂਗ ਨੇ ਅਮਰੀਕੀ ਸੱਤਾਧਾਰੀ ਨਾਲ ਮੁਲਾਕਾਤ ਤੋਂ ਬਾਅਦ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ| ਉਨ੍ਹਾਂ ਦੇ ਮੁਤਾਬਕ ਕਿਮ ਨੇ ਟਰੰਪ ਨੂੰ ਬਕਾਇਦਾ ਸੱਦਾ ਭੇਜਿਆ ਸੀ, ਜਿਸਨੂੰ ਟਰੰਪ ਨੇ ਸਵੀਕਾਰ ਕਰ ਲਿਆ| ਯੋਂਗ ਨੇ ਇਹ ਵੀ ਕਿਹਾ ਕਿ ਕਿਮ ਨੇ ਭਵਿੱਖ ਵਿੱਚ ਪਰਮਾਣੂ ਬੰਬ ਅਤੇ ਮਿਜ਼ਾਇਲਾਂ ਦਾ ਪ੍ਰੀਖਣ ਨਾ ਕਰਨ ਦਾ ਭਰੋਸਾ ਵੀ ਦਿੱਤਾ ਹੈ| ਪਹਿਲੀ ਨਜ਼ਰ ਵਿੱਚ ਇਸ ਤੇ ਭਰੋਸਾ ਨਹੀਂ ਹੁੰਦਾ, ਕਿਉਂਕਿ ਹਾਲ ਤੱਕ ਤਾਂ ਇਹ ਦੋਵੇਂ ਨੇਤਾ ਇੱਕ-ਦੂਜੇ ਨੂੰ ਬਰਬਾਦ ਕਰਨ ਦੀ ਧਮਕੀ ਦੇ ਰਹੇ ਸਨ| ਪਰੰਤੂ ਕਿਸੇ ਪੱਖ ਤੋਂ ਕੋਈ ਖੰਡਨ ਨਾ ਆਉਣ ਦਾ ਇਹ ਮਤਲਬ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਪੱਖਾਂ ਨੇ ਹੁਣ ਵਿਵਹਾਰਕ ਰਵੱਈਆ ਅਪਣਾ ਲਿਆ ਹੈ| ਇਸ ਦੇ ਲਈ ਦੱਖਣ ਕੋਰੀਆ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨੀ ਪਵੇਗੀ, ਜਿਸ ਨੇ ਨਾਰਥ ਕੋਰੀਆ ਦੇ ਨਾਲ ਆਪਣੇ ਪੁਰਾਣੇ ਤਨਾਓ ਨੂੰ ਇੱਕ ਪਾਸੇ ਰੱਖ ਕੇ ਕਿਮ ਜੋਂਗ ਉਨ ਨੂੰ ਗੱਲਬਾਤ ਦੀ ਟੇਬਲ ਤੇ ਆਉਣ ਲਈ ਪ੍ਰੇਰਿਤ ਕੀਤਾ| ਅਮਰੀਕਾ ਦੇ ਨਾਲ ਆਪਣੇ ਚੰਗੇ ਸੰਬੰਧ ਦਾ ਫਾਇਦਾ ਚੁੱਕਦੇ ਹੋਏ ਉਸ ਨੇ ਟਰੰਪ ਨੂੰ ਵੀ ਆਪਣਾ ਰਵੱਈਆ ਨਰਮ ਕਰਨ ਲਈ ਰਾਜੀ ਕਰ ਲਿਆ| ਉਸਦਾ ਇਹ ਯਤਨ ਵਿਆਪਕ ਕੋਰਿਆਈ ਜਨਤਾ ਦੇ ਹਿੱਤ ਵਿੱਚ ਹੈ| ਸੰਭਵ ਹੈ, ਅਮਰੀਕੀ ਪਾਬੰਦੀ ਨੇ ਵੀ ਕਿਮ ਨੂੰ ਆਪਣਾ ਰੁਖ਼ ਬਦਲਨ ਤੇ ਮਜਬੂਰ ਕੀਤਾ ਹੋਵੇ|
ਦੂਜੇ ਪਾਸੇ ਅਮਰੀਕਾ ਨੂੰ ਵੀ ਲੱਗਿਆ ਹੋਵੇ ਕਿ ਇੰਨੀ ਗੈਰ – ਮੁਕਾਬਲੇ ਵਾਲੀ ਲੜਾਈ ਨਾਲ ਉਸ ਨੂੰ ਕੁੱਝ ਹਾਸਲ ਨਹੀਂ ਹੋਣ ਵਾਲਾ| ਕਿਮ ਨੂੰ ਉਨ ਦੀ ਭਾਸ਼ਾ ਵਿੱਚ ਜਵਾਬ ਦੇਣ ਨਾਲ ਟਰੰਪ ਦੀ ਦੁਰਦਸ਼ਾ ਹੋ ਰਹੀ ਸੀ| ਅਮਰੀਕਾ ਵਰਗੇ ਜ਼ਿੰਮੇਵਾਰ ਦੇਸ਼ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਜ਼ੁਬਾਨੀ ਮੈਚ ਖੇਡਣ ਦੀ ਬਜਾਏ ਸਮਝਦਾਰੀ ਦਾ ਰਸਤਾ ਅਪਣਾਏਗਾ| ਬਹਿਰਹਾਲ , ਅਮਰੀਕਾ ਨੂੰ ਹੁਣ ਇਹ ਭੁਲੇਖਾ ਛੱਡ ਹੀ ਦੇਣਾ ਚਾਹੀਦਾ ਹੈ ਕਿ ਦੁਨੀਆ ਵਿੱਚ ਕਿਤੇ ਵੀ ਐਟਮੀ ਪ੍ਰੋਗਰਾਮਾਂ ਦਾ ਚੱਲਣਾ ਜਾਂ ਨਾ ਚੱਲਣਾ ਪੂਰੀ ਤਰ੍ਹਾਂ ਉਸਦੀ ਮਰਜੀ ਤੇ ਨਿਰਭਰ ਕਰੇਗਾ| ਹਰ ਦੇਸ਼ ਨੂੰ ਆਪਣੀ ਸੁਰੱਖਿਆ ਯਕੀਨੀ ਕਰਨ ਦਾ ਪੂਰਾ ਹੱਕ ਹੈ| ਰਿਹਾ ਸਵਾਲ ਪਰਮਾਣੂ ਹਥਿਆਰਾਂ ਤੋਂ ਵਿਸ਼ਵ ਤੇ ਮੰਡਰਾ ਰਹੇ ਖਤਰੇ ਦਾ, ਤਾਂ ਇਸ ਮਾਮਲੇ ਵਿੱਚ ਵੀ ਪਾਰਦਰਸ਼ਤਾ ਅਤੇ ਬਰਾਬਰੀ ਵਰਤੀ ਜਾਣੀ ਚਾਹੀਦੀ ਹੈ| ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੁੱਝ ਦੇਸ਼ਾਂ ਨੂੰ ਹਥਿਆਰ ਬਣਾਉਣ ਤੋਂ ਰੋਕਿਆ ਜਾਵੇ ਅਤੇ ਬਾਕੀ ਬੇਰੋਕਟੋਕ ਇਸ ਵਿਧਵੰਸਕ ਰਸਤੇ ਤੇ ਵੱਧਦੇ ਰਹਿਣ| ਪਰਮਾਣੁ ਹਥਿਆਰਾਂ ਦਾ ਖ਼ਤਰਾ ਘਟਾਉਣਾ ਹੈ ਤਾਂ ਪੂਰਾ ਸੰਸਾਰ ਇਸ ਬਾਰੇ ਇੱਕਜੁਟ ਹੋ ਕੇ ਕੋਈ ਫੈਸਲਾ ਕਰੇ ਅਤੇ ਉਸ ਉਤੇ ਅਮਲ ਯਕੀਨੀ ਕਰੇ| ਫਿਲਹਾਲ ਇਸ ਚਰਚਾ ਦਾ ਕੋਈ ਫਾਇਦਾ ਨਹੀਂ ਕਿ ਅਮਰੀਕਾ ਅਤੇ ਨਾਰਥ ਕੋਰੀਆ ਵਿੱਚੋਂ ਕੌਣ ਝੁੱਕਿਆ ਅਤੇ ਕਿਉਂ ਝੁੱਕਿਆ| ਬਿਹਤਰ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਵੇ, ਨਾਰਥ ਕੋਰੀਆਈ ਜਨਤਾ ਦਾ ਅਲਗਾਵ ਖਤਮ ਹੋਵੇ ਅਤੇ ਕਿਮ ਦੁਆਰਾ ਹਥਿਆਰਾਂ ਦੇ ਦੁਰਉਪਯੋਗ ਦਾ ਖਦਸ਼ਾ ਖ਼ਤਮ ਕੀਤਾ ਜਾਵੇ| ਟਰੰਪ ਅਤੇ ਕਿਮ ਜੋਂਗ ਦੀ ਗੱਲਬਾਤ ਤੋਂ ਬਾਅਦ ਨਾਰਥ ਕੋਰੀਆ ਦੇ ਸਮਾਜਿਕ-ਆਰਥਿਕ ਵਿਕਾਸ ਦਾ ਨਵਾਂ ਰਸਤਾ ਵੀ ਖੁਲੇਗਾ|
ਸੂਰਜ ਭਾਨ

Leave a Reply

Your email address will not be published. Required fields are marked *