ਕਈ ਰਾਜਾਂ ਵਿੱਚ ਪੈਦਾ ਹੋਇਆ ਨਕਦੀ ਸੰਕਟ, ਏ.ਟੀ.ਐਮ. ਵਿੱਚੋਂ ਕੈਸ਼ ਖਤਮ

ਕਈ ਰਾਜਾਂ ਵਿੱਚ ਪੈਦਾ ਹੋਇਆ ਨਕਦੀ ਸੰਕਟ, ਏ.ਟੀ.ਐਮ. ਵਿੱਚੋਂ ਕੈਸ਼ ਖਤਮ
ਤਿੰਨ ਦਿਨਾਂ ਵਿੱਚ ਖਤਮ ਹੋ ਜਾਵੇਗੀ ਨੋਟਾਂ ਦੀ ਪੈਦਾ ਹੋਈ ਕਿੱਲਤ : ਸਰਕਾਰ
ਨਵੀਂ ਦਿੱਲੀ, 17 ਅਪ੍ਰੈਲ (ਸ.ਬ.) ਨੋਟਬੰਦੀ ਤੋਂ ਬਾਅਦ ਦੇਸ਼ ਭਰ ਵਿੱਚ ਲੋਕਾਂ ਨੂੰ ਨਕਦੀ ਲਈ ਬੈਂਕਾਂ ਵਿੱਚ ਲਾਈਨ ਲਗਾਉਣੀ ਪਈ ਸੀ, ਅਜੇ ਉਹ ਦੌਰ ਬੀਤੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਅਤੇ ਇਕ ਵਾਰ ਫਿਰ ਤੋਂ ਅਜਿਹੇ ਹੀ ਹਾਲਾਤ ਪੈਦਾ ਹੋ ਰਹੇ ਹਨ| ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵਿੱਚ ਬੀਤੇ ਕਈ ਹਫਤਿਆਂ ਤੋਂ ਜਾਰੀ ਕੈਸ਼ ਦੀ ਕਿੱਲਤ ਹੁਣ ਦੂਜੇ ਰਾਜਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ| ਬੀਤੇ ਦਿਨੀਂ ਪੂਰਬੀ ਮਹਾਰਾਸ਼ਟਰ, ਬਿਹਾਰ ਅਤੇ ਗੁਜਰਾਤ ਵਿੱਚ ਵੀ ਕੈਸ਼ ਦੀ ਕਮੀ ਦੀਆਂ ਸ਼ਿਕਾਇਤਾਂ ਮਿਲੀਆਂ| ਨੋਟਬੰਦੀ ਤੋਂ ਬਾਅਦ ਵੱਡੇ ਪੈਮਾਨੇ ਤੇ ਨੋਟਾਂ ਦੇ ਸਰਕੂਲੇਸ਼ਨ ਵਿੱਚ ਆਉਣ ਤੋਂ ਬਾਅਦ ਕੈਸ਼ ਦੀ ਇਹ ਕਮੀ ਚਿੰਤਾ ਨੂੰ ਵਧਾਉਣ ਵਾਲੀ ਹੈ| ਦਿੱਲੀ-ਐਨ.ਸੀ.ਆਰ. ਵਿੱਚ ਵੀ ਲੋਕਾਂ ਨੂੰ ਏ.ਟੀ.ਐਮ. ਦੇ ਚੱਕਰ ਲਗਾਉਣੇ ਪੈ ਰਹੇ ਹਨ| ਇੱਥੇ ਤੱਕ ਕਿ ਗੁੜਗਾਓਂ ਵਿੱਚ 80 ਫੀਸਦੀ ਏ.ਟੀ.ਐਮ. ਕੈਸ਼ਲੈਸ ਹੋ ਗਏ ਹਨ| ਨੋਟਬੰਦੀ ਤੋਂ ਬਾਅਦ ਕਰੀਬ 5 ਲੱਖ ਕਰੋੜ ਰੁਪਏ ਦੇ 2 ਹਜ਼ਾਰ ਦੇ ਨੋਟ ਜਾਰੀ ਕੀਤੇ ਗਏ ਸਨ| ਇਨ੍ਹਾਂ ਨੋਟਾਂ ਦੇ ਸਰਕੂਲੇਸ਼ਨ ਵਿੱਚ ਆਉਣ ਤੋਂ ਬਾਅਦ ਕਾਫੀ ਹੱਦ ਤੱਕ ਕੈਸ਼ ਦੀ ਕਿੱਲਤ ਦੂਰ ਹੋ ਗਈ ਸੀ ਪਰ ਹੁਣ ਇਕ ਵਾਰ ਫਿਰ ਤੋਂ ਸੰਕਟ ਵਧ ਗਿਆ ਹੈ| ਇਸ ਤੇ ਬੈਂਕਾਂ ਦਾ ਕਹਿਣਾ ਹੈ ਕਿ ਇਹ ਸੰਕਟ ਜਮ੍ਹਾਖੋਰੀ ਕਾਰਨ ਪੈਦਾ ਹੋਇਆ ਹੈ| ਆਰ.ਬੀ.ਆਈ. ਦੇ ਡਾਟਾ ਅਨੁਸਾਰ 6 ਅਪ੍ਰੈਲ ਨੂੰ 18.2 ਲੱਖ ਕਰੋੜ ਦੀ ਕਰੰਸੀ ਸਰਕੂਲੇਸ਼ਨ ਵਿੱਚ ਸੀ, ਇਹ ਅੰਕੜਾ ਨੋਟਬੰਦੀ ਤੋਂ ਪਹਿਲਾਂ ਪ੍ਰਚਲਿਤ ਮੁਦਰਾ ਦੇ ਲਗਭਗ ਬਰਾਬਰ ਸੀ| ਨੋਟਬੰਦੀ ਦੇ ਬਾਅਦ ਇਕ ਵਾਰ ਫਿਰ ਤੋਂ ਕੈਸ਼ ਦੀ ਸਪਲਾਈ ਪਹਿਲਾਂ ਵਰਗੀ ਹੋ ਗਈ ਸੀ ਅਤੇ ਫਿਰ ਡਿਜੀਟਾਈਜੇਸ਼ਨ ਕਾਰਨ ਇਸ ਦੀ ਲੋੜ ਵੀ ਘੱਟ ਹੋ ਗਈ ਸੀ ਪਰ ਹੁਣ ਕਰੰਸੀ ਦੀ ਕਮੀ ਹੋਣਾ ਚਿੰਤਾ ਵਧਾਉਣ ਵਾਲਾ ਹੈ| ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਮਾਰਚ ਵਿੱਚ ਕੈਸ਼ ਦੀ ਕਿੱਲਤ ਦੀਆਂ ਖਬਰਾਂ ਆਈਆਂ ਸਨ, ਉਦੋਂ ਮੰਨਿਆ ਜਾ ਰਿਹਾ ਸੀ ਕਿ ਫਾਈਨੈਂਸ਼ਲ ਰਿਜਾਲੂਸ਼ਨ ਐਂਡ ਡਿਪਾਜਿਟ ਬੀਮਾ ਬਿੱਲ ਨੂੰ ਲੈ ਕੇ ਵਹਿਮ ਫੈਲਣ ਨਾਲ ਅਜਿਹਾ ਹੋਇਆ ਹੈ, ਜਿਸ ਕਾਰਨ ਜਮ੍ਹਾਕਰਤਾਵਾਂ ਨੇ ਨਕਦੀ ਕੱਢੀ ਹੈ|
ਬੈਂਕਰਜ਼ ਦਾ ਕਹਿਣਾ ਹੈ ਕਿ ਕਰੰਸੀ ਦਾ ਸਰਕੂਲੇਸ਼ਨ ਆਮ ਤੌਰ ਤੇ ਚੋਣਾਂ ਦੇ ਨੇੜੇ-ਤੇੜੇ ਵਧ ਜਾਂਦਾ ਹੈ ਪਰ ਇਸ ਦੌਰਾਨ ਸਿਰਫ ਕਰਨਾਟਕ ਵਿੱਚ ਚੋਣਾਂ ਹੋਣ ਵਾਲੀਆਂ ਹਨ| ਕਰੰਸੀ ਦੀ ਡਿਮਾਂਡ ਵਿੱਚ ਤੇਜ਼ ਵਾਧੇ ਕਾਰਨ ਡਿਪਾਜਿਟ ਗ੍ਰੋਥ ਵਿੱਚ ਕਮੀ ਆਉਣ ਦੀ ਗੱਲ ਵੀ ਸਾਹਮਣੇ ਆਈ ਹੈ| ਮਾਰਚ 2018 ਵਿੱਚ ਖਤਮ ਹੋਏ ਫਾਈਨੈਂਸ਼ਲ ਗ੍ਰੋਥ 6.7 ਫੀਸਦੀ ਰਹੀ, ਜੋ 2016-17 ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਹਨ| ਉਦੋਂ ਡਿਪਾਜਿਟ ਗ੍ਰੋਥ 15.3 ਫੀਸਦੀ ਸੀ| ਇਹੀ ਨਹੀਂ ਇਕ ਪਾਸੇ ਡਿਪਾਜਿਟ ਦੀ ਕਮੀ ਆਈ ਹੈ, ਉਥੇ ਹੀ ਬੀਤੇ ਸਾਲ ਦੇ ਮੁਕਾਬਲੇ 2018 ਵਿੱਚ ਪੈਸੇ ਕੱਢਵਾਉਣ ਵਿੱਚ 10.3 ਫੀਸਦੀ ਦਾ ਵਾਧਾ ਹੋਇਆ, ਜਦੋਂ ਕਿ 2016-17 ਵਿੱਚ ਇਹ 8.2 ਫੀਸਦੀ ਸੀ|
ਇਸ ਮਾਮਲੇ ਵਿੱਚ ਸਰਕਾਰ ਨੇ ਕਿਹਾ ਹੈ ਕਿ ਕੁਝ ਰਾਜਾਂ ਵਿੱਚ ਨੋਟਾਂ ਦੀ ਪੈਦਾ ਹੋਈ ਕਿੱਲਤ ਤਿੰਨ ਦਿਨਾਂ ਵਿੱਚ ਖਤਮ ਹੋ ਜਾਵੇਗੀ| ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਸਾਦ ਸ਼ੁਕਲ ਨੇ ਕਿਹਾ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਕੈਸ਼ ਦੀ ਕਿੱਲਤ ਹੈ, ਉੱਥੇ ਦੂਜੇ ਰਾਜਾਂ ਦੇ ਮੁਕਾਬਲੇ ਘੱਟ ਨੋਟ ਪੁੱਜੇ ਹਨ| ਉਨ੍ਹਾਂ ਕਿਹਾ ਕਿ ਸਰਕਾਰ ਲੋੜ ਅਨੁਸਾਰ ਰਾਜਾਂ ਦਰਮਿਆਨ ਨੋਟਾਂ ਦੀ ਉਚਿਤ ਵੰਡ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਰਹੀ ਹੈ| ਉਹਨਾਂ ਕਿਹਾ ਕਿ ਅਜੇ ਸਾਡੇ ਕੋਲ ਇਕ ਲੱਖ 25 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕਰੰਸੀ ਹੈ| ਸਮੱਸਿਆ ਹੈ ਕਿ ਕੁਝ ਰਾਜਾਂ ਕੋਲ ਘੱਟ ਕਰੰਸੀ ਹੈ, ਜਦੋਂ ਕਿ ਹੋਰ ਰਾਜਾਂ ਕੋਲ ਜ਼ਿਆਦਾ| ਸਰਕਾਰ ਨੇ ਰਾਜ ਪੱਧਰ ਦੀ ਕਮੇਟੀ ਗਠਿਤ ਕੀਤੀ ਹੈ| ਉੱਥੇ ਹੀ ਆਰ.ਬੀ.ਆਈ. ਨੇ ਵੀ ਨੋਟਾਂ ਨੂੰ ਇਕ ਰਾਜ ਤੋਂ ਦੂਜੇ ਰਾਜ ਵਿੱਚ ਭੇਜਣ ਦੀ ਕਮੇਟੀ ਗਠਿਤ ਕੀਤੀ ਹੈ| ਵਿੱਤ ਰਾਜ ਮੰਤਰੀ ਨੇ ਭਰੋਸਾ ਦਿਵਾਇਆ ਕਿ ਜਿਨ੍ਹਾਂ ਰਾਜਾਂ ਵਿੱਚ ਨੋਟਾਂ ਦੀ ਕਮੀ ਪੈ ਰਹੀ ਹੈ, ਉੱਥੇ ਹੀ ਤਿੰਨ ਦਿਨਾਂ ਵਿੱਚ ਨੋਟਾਂ ਦੀ ਨਵੀਂ ਖੇਪ ਪਹੁੰਚਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *