ਕਈ ਵੱਡੇ ਸਬਕ ਦੇ ਰਿਹਾ ਹੈ ਕਿਸਾਨ ਅੰਦੋਲਨ

ਮੌਜੂਦਾ ਸਮੇਂ ਵਿੱਚ ਪੰਜਾਬ ਦੀ ਕਿਸਾਨੀ ਦੇ ਜੋ ਹਾਲਾਤ ਬਣੇ ਹਨ ਉਹ ਸਚਮੁੱਚ ਬਹੁਤ ਤਰਸਯੋਗ ਹਨ| ਹਾਲਾਤ ਇੰਨੇ ਤਰਸਯੋਗ ਹਨ ਕਿ ਅੱਜ ਪੰਜਾਬ ਪੁਲੀਸ  ਖੁਦ ਦਸਤਾਰਾਂ ਵਾਲੇ ਆਪਣੇ ਹੀ ਪੰਜਾਬੀ ਭਰਾਵਾਂ ਦੀਆਂ ਪੱਗਾਂ ਨੂੰ ਠੁੱਢੇ ਮਾਰ ਕੇ ਉਤਾਰ ਰਹੇ ਹਨ| ਕੋਝੀਆਂ ਨੀਤੀਆਂ ਵਾਲੀਆਂ ਸਰਕਾਰਾਂ ਆਪਣੀਆਂ ਨੀਤੀਆਂ ਵਿੱਚ ਸਫ਼ਲ ਹੋ ਰਹੀਆਂ ਹਨ, ਪਾੜੋ ਤੇ ਰਾਜ ਕਰੋ ਵਾਲੀ ਨੀਤੀ ਫਿਰ ਤੋਂ ਸਰਗਰਮ ਹੈ| ਇਹ ਹਾਲਾਤ ਬਹੁਤ ਨਾਜ਼ੁਕ ਹਨ| ਜਦੋਂ ਵੀ ਕਲਮ ਚੁੱਕਦੀ ਹਾਂ, ਇਸ ਵਿਸ਼ੇ ਤੋਂ ਇਲਾਵਾ ਹੋਰ ਕੁਝ ਲਿਖਣਾ ਕਲਮ ਨੂੰ ਭਾਉਂਦਾ ਹੀ ਨਹੀਂ ਹੈ|
ਸਿਆਣੇ ਕਹਿੰਦੇ ਹਨ ਕਿ ਜੇਕਰ ਬੁਰਾ ਵਕਤ ਆਇਆ ਹੈ ਤਾਂ ਬੀਤ          ਜਾਵੇਗਾ..  ਇਹ ਗੱਲ ਬਿਲਕੁਲ ਸਹੀ ਹੈ ਕਿ ਸੰਕਟ ਦੀ ਇਹ ਘੜੀ ਵੀ ਬੀਤ ਜਾਵੇਗੀ| ਪਰ ਹਰ ਵਾਰ ਦੀ ਤਰ੍ਹਾਂ ਪੰਜਾਬ ਦੇ ਦਿਲ ਤੇ ਗਹਿਰੇ ਜ਼ਖਮ ਲਾ ਕੇ ਜਾਵੇਗੀ| ਪੰਜਾਬ ਨੇ ਆਪਣੇ ਸੀਨੇ ਤੇ ਬਹੁਤ ਸਾਰੇ ਦੁੱਖ ਹੰਡਾਏ ਹਨ| ਇੰਨੇ ਦੁੱਖ ਹੰਢਾਉਣ ਤੋਂ ਬਾਅਦ ਵੀ ਇਸਦਾ ਬਾਗ ਪਰਿਵਾਰ ਵੱਸਦਾ ਹੈ ਤੇ ਵਸਦਾ ਰਹੇਗਾ| ਕਿਸੇ ਗੀਤਕਾਰ ਨੇ ਵੀ ਲਿਖਿਆ ਹੈ ਕਿ….
”ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ
ਪੰਜਾਬ ਗੁਰਾਂ ਦੀ ਕ੍ਰਿਪਾ  ਨਾਲ ਅੱਜ ਵੀ ਵੱਸਦਾ ਏ”
ਇਸੇ ਤਰ੍ਹਾਂ ਅੰਤ ਤਾਂ ਬੁਰਾਈ ਦਾ ਹੋਕੇ ਰਹੇਗਾ| ਪਰ ਇਸਦੇ ਨਾਲ ਨਾਲ ਇਹ ਸੰਕਟ ਦਾ ਸਮਾਂ ਸਾਨੂੰ ਬਹੁਤ ਸਾਰੀਆਂ ਨਸੀਅਤਾਂ ਵੀ ਦੇ ਰਿਹਾ ਹੈ| ਜੇਕਰ ਕੋਈ ਗਹਿਰਾਈ ਨਾਲ ਵਿਚਾਰੇ ਤਾਂ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਅੱਗੇ ਤੋਂ ਅਸੀਂ ਵੋਟ ਦੇ ਅਧਿਕਾਰ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕਰਨੀ ਹੈ| ਸਾਨੂੰ ਚੰਦ ਪੈਸਿਆਂ, ਦਾਰੂ ਦੀਆਂ ਬੋਤਲਾਂ ਅਤੇ ਸਸਤੇ ਨਸ਼ੇ ਵਿੱਚ ਆਪਣੀ ਜਮੀਰ ਨੂੰ ਨਾ ਵੇਚਣ ਦਾ ਪ੍ਰਪੱਕ ਨਿਸ਼ਚਾ ਕਰਨਾ ਪਵੇਗਾ| 
ਸਾਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਨਿਗੂਣੇ ਲਾਲਚ ਪਿੱਛੇ ਵੇਚੀ ਜ਼ਮੀਰ ਕਾਰਣ ਉਸਦਾ ਨਤੀਜਾ ਪੂਰੇ ਪੰਜ ਸਾਲ ਭੁਗਤਣਾ ਪਵੇਗਾ| ਇਸਤੋਂ ਇਲਾਵਾ ਹੋਰ ਬਹੁਤ ਸਾਰੇ ਸਿਆਸੀ ਖਿਡਾਰੀਆਂ ਦੇ ਚਿਹਰੇ               ਬੇਨਕਾਬ ਹੋਏ ਹਨ| ਦੋਗਲੇ ਚਿਹਰਿਆਂ ਤੋਂ ਵੀ ਪਰਦੇ ਚੁੱਕੇ ਗਏ ਹਨ| ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਇਸ ਘਟਨਾ ਨੇ ਭਾਰਤ ਵਿੱਚ ਲੋਕਰਾਜ ਦੀ ਥਾਂ ਤਾਨਾਸ਼ਾਹੀ ਦੀ ਹਾਮੀ ਭਰੀ ਹੈ| ਇਸ ਘਟਨਾ ਨੇ ਸਰਕਾਰਾਂ ਦਾ ਇਹ ਰੂਪ ਵੀ ਸਾਹਮਣੇ ਲਿਆਂਦਾ ਕਿ ਸਰਕਾਰਾਂ ਨੂੰ ਆਮ ਅਵਾਮ ਦੀਆਂ ਦੁਹਾਈਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੈ| ਗਰੀਬ ਤੇ ਮੱਧਵਰਤੀ ਲੋਕ ਆਪਣੇ ਹੱਕਾਂ ਲਈ ਵਿਲਕ ਰਹੇ ਹਨ ਤੇ ਸਰਕਾਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ|
ਦੂਸਰਾ ਸਬਕ ਇਹ ਹੈ ਕਿ ਏਕਤਾ ਸਭ ਤੋਂ ਵੱਡਾ ਹਥਿਆਰ ਹੈ| ਨੌਜਵਾਨ ਵਰਗ ਹਰੇਕ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ| ਜੇਕਰ ਨੌਜਵਾਨੀ ਸਾਰਥਕ ਸੋਚ ਰੱਖਦੀ ਹੋਵੇ ਤਾਂ ਵਕਤ ਦੀਆਂ ਸਰਕਾਰਾਂ ਦੀ ਕੀ ਹਿੰਮਤ ਕਿ ਉਹ ਸਾਡੇ ਹੱਕ ਖੋਹ ਲੈਣ| ਅੱਜ ਜਿੱਥੇ ਸਾਡੇ ਬਜ਼ੁਰਗ ਬਾਬੇ ਧਰਨਿਆਂ ਤੇ ਬੈਠੇ ਹਨ ਉੱਥੇ ਨੌਜਵਾਨ ਵਰਗ ਵੀ ਹੌਲੀ ਹੌਲੀ ਜੁੜ ਰਿਹਾ ਹੈ| ਇੱਕ ਬਹੁਤ ਹੀ ਆਮ ਜਿਹੀ ਗੱਲ ਹੈ ਕਿ ਘਰ ਵਿੱਚ ਜਦੋਂ ਕੋਈ ਜਵਾਨ ਪੁੱਤਰ ਆਪਣੇ ਬਾਪੂ ਨੂੰ ਇਹ ਕਹਿ ਦਿੰਦਾ ਹੈ ਕਿ ਬਾਪੂ ਚਿੰਤਾ ਨਾ ਕਰ… ਮੈਂ ਹੈਗਾ ਤਾਂ ਉਸ ਬਾਪ ਦੇ ਅੱਧੇ ਦੁੱਖ ਉੱਥੇ ਹੀ ਖਤਮ ਹੋ ਜਾਂਦੇ ਹਨ| ਇਸ ਤਰ੍ਹਾਂ ਨੌਜਵਾਨ ਵੀਰਾਂ ਨੂੰ ਚਾਹੀਦਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸ਼ੋਸ਼ੇਬਾਜੀ, ਗਾਇਕਾਂ, ਗੀਤਕਾਰਾਂ ਪਿੱਛੇ ਲੜਨ ਦੀ ਬਜਾਏ ਆਪਣੇ ਬਾਪੂਆਂ  ਨਾਲ ਮੈਦਾਨ ਵਿੱਚ ਜੁੜਨ| ਤੀਸਰਾ ਤੇ ਆਖਰੀ ਪੱਖ ਰੱਖਣਾ ਚਾਹਾਂਗੀ ਕਿ ਸਰਕਾਰਾਂ ਤੋਂ ਇਲਾਵਾ ਮੀਡੀਆ ਦਾ ਵੀ ਚਿਹਰਾ     ਬੇਨਕਾਬ ਹੋਇਆ ਹੈ| ਚਾਹੇ ਦਿੱਲੀ, ਮੁੰਬਈ ਜਾਂ ਪੰਜਾਬ ਦੇ ਟੀ. ਵੀ ਚੈਨਲ ਹੋਣ, ਇਹ ਸਾਰੇ ਸਰਕਾਰਾਂ ਦੀ ਹੀ ਹਵਾ ਛਕਦੇ ਹਨ| ਅਜਿਹਾ ਕੋਈ ਵੀ ਸਾਹਮਣੇ ਨਹੀਂ ਆਇਆ ਜਿਸ ਨੇ ਬਿਨਾ ਕਿਸੇ ਡਰ ਤੋਂ ਇਸ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੋਵੇ| ਪ੍ਰਿੰਟ  ਮੀਡੀਆ ਵਿੱਚ ਵੀ ਅਜਿਹੇ ਬਹੁਤ ਘੱਟ ਅਖਬਾਰ ਹਨ ਜਿੰਨਾ ਨੇ ਸੰਜੀਦਗੀ ਨਾਲ ਕਿਸਾਨਾਂ ਦੇ ਹੱਕਾਂ ਲਈ ਜਾਗਰੂਕ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੋਵੇ| ਮੁੱਕਦੀ ਗੱਲ ਇਹ ਕਿ ਕੀ ਅਫਸਰਸ਼ਾਹੀ, ਰਾਜ ਸਰਕਾਰਾਂ, ਸਿਆਸੀ ਪਾਰਟੀਆਂ ਬਹੁਤਾਤ ਮੀਡੀਆ ਸਭ ਵਿਕਾਊ ਹੈ| ਸੱਚ ਦੀ ਆਵਾਜ਼ ਉਠਾਉਣ ਵਾਲਾ ਅਤੇ ਉਸ ਆਵਾਜ਼ ਨੂੰ ਲੋਕਾਂ ਤੱਕ ਪੁੰਹਚਉਣ ਵਾਲਾ ਕੋਈ ਵਿਰਲਾ ਹੀ ਹੈ| 
ਸਾਨੂੰ ਸਾਰਿਆਂ ਨੂੰ ਇਹ ਸਬਕ ਲੈ ਲੈਣਾ ਚਾਹੀਦਾ ਹੈ ਕਿ ਆਪਣੇ ਹੱਕਾਂ ਲਈ  ਸਾਨੂੰ ਖੁਦ ਉਠਣਾ ਪਵੇਗਾ, ਆਪਣੇ ਹੱਕਾਂ ਲਈ ਇੱਕਜੁਟ ਹੋਣਾ ਪਵੇਗਾ, ਅਜਿਹੇ ਵਿਰਲੇ ਹੀ ਹੁੰਦੇ ਹਨ, ਜੋ ਸੱਚ ਦਾ ਸਾਥ ਦਿੰਦੇ ਹਨ  ਅਤੇ ਸੱਚ ਨੂੰ ਬੁਲੰਦ ਕਰਦੇ ਹਨ| ਇਸ ਸੰਕਟ ਦੀ ਘੜੀ ਨੇ ਸਭ ਤੋਂ ਵੱਡਾ ਸਬਕ ਇਹ ਦਿੱਤਾ ਹੈ ਕਿ ਅੱਗੇ ਤੋਂ ਦੇਸ਼ ਨੂੰ ਸੁਰਖਿਅਤ ਹੱਥਾਂ ਵਿੱਚ ਦੇਣਾ ਹੈ, ਨਹੀਂ ਤਾਂ ਸਾਡੇ ਨਾਲ ਹੁੰਦੀਆਂ ਅਜਿਹੀਆਂ ਜਿਆਦਤੀਆਂ ਦੇ             ਜਿੰਮੇਵਾਰ ਅਸੀਂ ਖੁਦ ਹੋਵਾਂਗੇ|
ਹਰਕੀਰਤ ਕੌਰ ਸਭਰਾ
9779118066

Leave a Reply

Your email address will not be published. Required fields are marked *