ਕਈ ਸਿਰਾਂ ਵਾਲੇ ਸ਼ਤਾਨ ਵਾਂਗ ਪੈਰ ਪਸਾਰ ਰਿਹਾ ਹੈ ਅੱਤਵਾਦ : ਫੌਜ ਮੁਖੀ

ਨਵੀਂ ਦਿੱਲੀ, 9 ਜਨਵਰੀ (ਸ.ਬ.) ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅੱਤਵਾਦ ਬਾਰੇ ਗੱਲ ਕਰਦਿਆਂ ਅੱਜ ਕਿਹਾ ਕਿ ਇਹ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਆਪਣੇ ਪੈਰ ਪਸਾਰ ਰਿਹਾ ਹੈ| ਉਨ੍ਹਾਂ ਕਿਹਾ ਕਿ ਅੱਤਵਾਦ ਉਦੋਂ ਤਕ ਮੌਜੂਦ ਰਹੇਗਾ, ਜਦੋਂ ਤਕ ਦੇਸ਼ ਰਾਸ਼ਟਰ ਦੀ ਨੀਤੀ ਦੇ ਤੌਰ ਤੇ ਇਸ ਦਾ ਇਸਤੇਮਾਲ ਕਰਨਾ ਜਾਰੀ ਰੱਖਣਗੇ| ਰਾਵਤ ਨੇ ਕਿਹਾ ਕਿ ਸੋਸ਼ਲ ਮੀਡੀਆ ਕਟੜਪੰਥ ਨੂੰ ਫੈਲਾਉਣ ਦਾ ਜ਼ਰੀਆ ਬਣ ਰਿਹਾ ਹੈ, ਇਸ ਲਈ ਇਸ ਨੂੰ ਕੰਟਰੋਲ ਕੀਤੇ ਜਾਣ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਮੇਤ ਭਾਰਤ ਵਿਚ ਵੱਖ-ਵੱਖ ਤਰ੍ਹਾਂ ਦਾ ਕਟੜਪੰਥ ਦਿਖਾਈ ਦੇ ਰਿਹਾ ਹੈ| ਬਹੁਤ ਸਾਰੀਆਂ ਗਲਤੀਆਂ ਅਤੇ ਝੂਠੀਆਂ ਜਾਣਕਾਰੀਆਂ ਕਾਰਨ ਨੌਜਵਾਨਾਂ ਅੰਦਰ ਕਟੜਤਾ ਦੀ ਭਾਵਨਾ ਆ ਰਹੀ ਹੈ ਅਤੇ ਧਰਮ ਸਬੰਧੀ ਕਈ ਝੂਠੀਆਂ ਗੱਲਾਂ ਉਨ੍ਹਾਂ ਦੇ ਦਿਮਾਗ ਵਿਚ ਭਰੀਆਂ ਜਾ ਰਹੀਆਂ ਹਨ|
ਜਨਰਲ ਰਾਵਤ ਨੇ ਕਿਹਾ, ”ਇਸ ਲਈ ਤੁਸੀਂ ਵੱਧ ਤੋਂ ਵੱਧ ਸਿੱਖਿਅਤ ਨੌਜਵਾਨਾਂ ਨੂੰ ਅੱਤਵਾਦ ਵੱਲ ਵਧਦੇ ਦੇਖ ਰਹੇ ਹੋ| ਉਨ੍ਹਾਂ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਦੇਸ਼ ਜਦੋਂ ਤਕ ਰਾਸ਼ਟਰ ਦੀ ਨੀਤੀ ਦੇ ਤੌਰ ਤੇ ਅੱਤਵਾਦ ਨੂੰ ਹੱਲਾ-ਸ਼ੇਰੀ ਦਿੰਦੇ ਰਹਿਣਗੇ, ਉਦੋਂ ਤਕ ਇਹ ਮੌਜੂਦ ਰਹੇਗਾ| ਅੱਤਵਾਦ ਜੰਗ ਦਾ ਇਕ ਨਵਾਂ ਤਰੀਕਾ ਬਣਦਾ ਜਾ ਰਿਹਾ ਹੈ| ਇਕ ਕਮਜ਼ੋਰ ਦੇਸ਼ ਦੂਜੇ ਦੇਸ਼ ਤੇ ਆਪਣੀਆਂ ਸ਼ਰਤਾਂ ਨੂੰ ਮਨਾਉਣ ਦਾ ਦਬਾਅ ਬਣਾਉਣ ਲਈ ਅੱਤਵਾਦੀਆਂ ਦਾ ਇਸਤੇਮਾਲ ਕਰ ਰਿਹਾ ਹੈ| ਰਾਵਤ ਨੇ ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਤੇ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਇਹ ਬਿਨਾਂ ਸ਼ਰਤ ਦੇ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਅੱਤਵਾਦ ਤਾਲਿਬਾਨ ਦਾ ਹਮੇਸ਼ਾ ਲੁਕ-ਛਿਪ ਕੇ ਸਾਥ ਦਿੰਦਾ ਰਿਹਾ ਹੈ|

Leave a Reply

Your email address will not be published. Required fields are marked *