ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਕਾਰਵਾਈ ਤੇ ਰੋਕ ਲੱਗੇ

ਅੱਜ ਕੱਲ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਣਕ ਦੀ ਵਾਢੀ ਤੋਂ ਬਾਅਦ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ| ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਕਾਫੀ ਜਹਿਰੀਲਾ ਧੂੰਆਂ ਪੈਦਾ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ| ਇਸ ਧੂੰਏ ਨਾਲ ਵਾਤਾਵਰਨ ਵੀ ਪਲੀਤ ਹੋ ਰਿਹਾ ਹੈ| ਜਦੋਂ ਕਿਸੇ ਕਿਸਾਨ ਵਲੋਂ ਆਪਣੇ ਖੇਤ ਵਿੱਚ ਖੜੇ ਨਾੜ ਨੂੰ ਅੱਗ ਲਾਈ ਜਾਂਦੀ ਹੈ ਤਾਂ ਇਹ ਅੱਗ ਮਿੰਟਾਂ ਸਕਿੰਟਾਂ ਵਿੱਚ ਹੀ ਸਾਰੇ ਖੇਤ ਵਿੱਚ ਫੈਲ ਜਾਂਦੀ ਹੈ ਅਤੇ ਇਸਦੀ ਲਪੇਟ ਵਿੱਚ ਖੇਤਾਂ ਵਿੱਚ ਰਹਿੰਦੇ ਜੀਵ ਜੰਤੂ ਵੀ ਆ ਜਾਂਦੇ ਹਨ| ਇੱਕ ਖੇਤ ਦੇ ਨਾੜ ਨੂੰ ਲਾਈ ਅੱਗ ਕਾਰਨ ਪੂਰੇ 6-7 ਘੰਟੇ ਜਹਿਰੀਲਾ ਧੂੰਆਂ ਉਸ ਖੇਤ ਦੇ ਆਲੇ ਦੁਆਲੇ ਰਹਿੰਦਾ ਹੈ| ਉਸ ਤੋਂ ਬਾਅਦ ਇਹ ਧੂੰਆਂ ਹੌਲੀ ਹੌਲੀ ਅੱਗੇ ਵੱਧਦਾ ਹੈ ਅਤੇ ਜਿਸ ਪਾਸੇ ਵੀ ਇਹ ਧੂੰਆਂ ਜਾਂਦਾ ਹੈ ਉੱਥੇ ਹੀ ਲੋਕਾਂ ਦਾ ਸਾਹ ਘੁੱਟਣਾ ਸ਼ੁਰੂ ਹੋ ਜਾਂਦਾ ਹੈ| ਇਸ ਜਹਿਰੀਲੇ ਧੂੰਏ ਕਾਰਨ ਅੱਖਾਂ, ਸਾਹ ਅਤੇ ਦਮੇ ਦੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਇਸ ਜਹਿਰੀਲੇ ਧੂੰਏ ਦਾ ਅਸਰ ਕਰੀਬ ਇੱਕ ਮਹੀਨਾ ਤੱਕ ਰਹਿੰਦਾ ਹੈ|
ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਖੇਤਾਂ ਵਿੱਚ ਵੀ ਹਰ ਸਾਲ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹ ਜਿਸਦਾ ਸੇਕ ਦਿੱਲੀ ਤੱਕ ਪਹੁੰਚਦਾ ਹੈ| ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿੱਚ ਨਾੜ ਨੂੰ ਲਾਈ ਅੱਗ ਕਾਰਨ ਦਿੱਲੀ ਵਿੱਚ ਵੀ ਹਰ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ ਸੀ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਅਜਿਹਾ ਹੀ ਹਾਲ ਹੋਇਆ ਸੀ| ਪਿਛਲੇ ਸਾਲ ਝੋਨੇ ਦੇ ਸੀਜਣ ਵੇਲੇ ਪੂਰਾ ਇੱਕ ਮਹੀਨਾ ਹੀ ਪਰਾਲੀ ਨੂੰ ਲਾਈ ਅੱਗ ਦਾ ਸੰਤਾਪ ਆਮ ਲੋਕਾਂ ਨੂੰ ਭੋਗਣਾ ਪਿਆ ਸੀ| ਪਿਛਲੇ ਸਾਲ ਤਾਂ ਕਿਸਾਨਾਂ ਨੇ ਸਮੂਹਿਕ ਰੂਪ ਵਿੱਚ ਵੀ ਪਰਾਲੀ ਨੂੰ ਅੱਗ ਲਗਾ ਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਸਨ|
ਇਸ ਵਾਰ ਵੀ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਵਲੋਂ ਵੱਡੇਪੱਧਰ ਉਪਰ ਕਣਕ ਦੇ ਨਾੜ ਨੂੰ ਅੱਗ ਲਾਈ ਜਾ ਰਹੀ ਹੈ| ਹਾਲਾਂਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਵੀ ਕੀਤੀ ਗਈ ਹੈ ਅਤੇ ਸਰਕਾਰ ਨੇ ਕਣਕ ਦੇ ਨਾੜ ਨੂੰ ਅੱਗ ਲਾਉਣ ਉਪਰ ਪਾਬੰਦੀ ਵੀ ਲਗਾਈ ਹੋਈ ਹੈ ਪਰ ਇਸਦੇ ਬਾਵਜੂਦ ਕਿਸਾਨਾਂ ਵਲੋਂ ਸ਼ਰੇਆਮ ਕਣਕ ਦੇ ਨਾੜ ਨੂੰ ਅੱਗ ਲਾਈ ਜਾ ਰਹੀ ਹੈ ਅਤੇ ਉਹ ਕਣਕ ਦੇ ਨਾੜ ਨੂੰ ਅੱਗ ਲਗਾਉਣ ਉਪਰ ਲਗਾਈ ਗਈ ਪਾਬੰਦੀ ਦੀ ਕੋਈ ਪਰਵਾਹ ਨਹੀਂ ਕਰ ਰਹੇ| ਕਿਸਾਨ ਆਪਣੇ ਪੱਖ ਵਿਚ ਕਹਿੰਦੇ ਹਨ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਬਿਨਾਂ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ, ਉਹਨਾਂ ਦਾ ਕਹਿਣਾ ਹੈ ਕਿ ਕਣਕ ਦਾ ਨਾੜ ਖੇਤਾਂ ਵਿੱਚ ਵਾਹੁਣਾ ਔਖਾ ਹੁੰਦਾ ਹੈ| ਇਸ ਤੋਂ ਇਲਾਵਾ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਦੇਣ ਉੱਪਰ ਖਰਚਾ ਵੀ ਕਾਫੀ ਹੁੰਦਾ ਹੈ| ਕਿਸਾਨ ਆਗੂ ਕਹਿੰਦੇ ਹਨ ਕਿ ਜੇ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣਾ ਹੈ ਤਾਂ ਸਰਕਾਰ ਕਿਸਾਨਾਂ ਨੂੰ ਨਾੜ ਦਾ ਮੁਆਵਜਾ ਦੇਵੇ|
ਦੂਜੇ ਪਾਸੇ ਖੇਤੀ ਵਿਗਿਆਨੀ ਕਹਿੰਦੇ ਹਨ ਕਿ ਕਣਕ ਦੇ ਨਾੜ ਨੂੰ ਜੇ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ ਤਾਂ ਇਹ ਅਗਲੀ ਫਸਲ ਲਈ ਬਹੁਤ ਲਾਭਦਾਇਕ ਹੁੰਦਾ ਹੈ| ਕਣਕ ਦਾ ਨਾੜ ਅਗਲੀ ਫਸਲ ਲਈ ਖਾਦ ਦਾ ਕੰਮ ਦਿੰਦਾ ਹੈ| ਹੁਣ ਤਾਂ ਅਜਿਹੀਆਂ ਮਸ਼ੀਨਾਂ ਵੀ ਆ ਗਈਆਂ ਹਨ ਜਿਹਨਾਂ ਨਾਲ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਹੀ ਵਾਹਿਆ ਜਾ ਸਕਦਾ ਹੈ| ਖੇਤੀ ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਖੇਤਾਂ ਵਿਚਲੀ ਮਿੱਟੀ ਵੀ ਸੜ ਜਾਂਦੀ ਹੈ, ਜਿਸ ਕਾਰਨ ਉਸਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ| ਇਸ ਲਈ ਖੇਤਾਂ ਵਿੱਚ ਕਦੇ ਵੀ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਜਾਣੀ ਚਾਹੀਦੀ|
ਆਮ ਲੋਕਾਂ ਦੀ ਹਾਲਾਤ ਇਹ ਹੈ ਕਿ ਕਿਸਾਨਾਂ ਦੀ ਇਸ ਕਾਰਵਾਈ ਕਾਰਨ ਉਹਨਾਂ ਨੂੰ ਹਰ ਛੇ ਮਹੀਨੇ ਬਾਅਦ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਾੜ ਅਤੇ ਪਰਾਲੀ ਨੂੰ ਲਾਈ ਅੱਗ ਦਾ ਸੇਕ ਸਹਿਣਾ ਪੈ ਰਿਹਾ ਹੈ| ਕਿਸਾਨ ਆਪਣੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਆਪ ਤਾਂ ਕਿਸੇ ਹੋਰ ਪਿੰਡ ਚਲੇ ਜਾਂਦੇ ਹਨ ਪਰ ਜਿਹੜੇ ਲੋਕ ਕਿਸਾਨਾਂ ਦੇ ਖੇਤਾਂ ਨੇੜੇ ਰਹਿੰਦੇ ਹਨ ਤਾਂ ਉਹਨਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਹੀ ਔਖਾ ਹੋ ਜਾਂਦਾ ਹੈ| ਫਸਲਾਂ ਦੀ ਇਸ ਰਹਿੰਦ ਖੁਹੰਦ ਨੂੰ ਲਗਾਈ ਅੱਗ ਕਾਰਨ ਕਈ ਵਾਰ ਦੂਸਰੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਵੀ ਸੜ ਜਾਂਦੀ ਹੈ| ਚਾਹੀਦਾ ਤਾਂ ਇਹ ਹੈ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਨਾੜ ਨੂੰ ਖੇਤਾਂ ਵਿੱਚ ਵਾਹੁਣ ਲਈ ਮਸ਼ੀਨਾਂ ਸਬਸਿਡੀ ਉਪਰ ਦਿੱਤੀਆਂ ਜਾਣ| ਇਸਦੇ ਨਾਲ ਨਾਲ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਹੋਰਨਾਂ ਫਸਲਾਂ ਬੀਜਣ ਵਾਸਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਵਿੱਚ ਘੁਲਦੇ ਜਹਿਰ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *