ਕਦੇ ਵੀ ਡਿੱਗ ਸਕਦੇ ਹਨ ਫੇਜ਼ 6 ਵਿੱਚ ਲੱਗੇ ਪੂਰੀ ਤਰ੍ਹਾਂ ਸੁੱਕ ਚੁੱਕੇ ਦਰਖਤ

ਕਦੇ ਵੀ ਡਿੱਗ ਸਕਦੇ ਹਨ ਫੇਜ਼ 6 ਵਿੱਚ ਲੱਗੇ ਪੂਰੀ ਤਰ੍ਹਾਂ ਸੁੱਕ ਚੁੱਕੇ ਦਰਖਤ
ਅਚਾਨਕ ਡਿੱਗਣ ਨਾਲ ਹੋਵੇਗਾ ਵੱਡਾ ਨੁਕਸਾਨ, ਲੰਬੇ ਸਮੇਂ ਤੋਂ ਵਸਨੀਕ ਕਰ ਰਹੇ ਹਨ ਦਰਖਤਾਂ ਨੂੰ ਕਟਵਾਉਣ ਦੀ ਮੰਗ
ਐਸ.ਏ.ਐਸ.ਨਗਰ, 4 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਵਿੱਚ ਕੋਠੀਆਂ ਦੇ ਅੱਗੇ ਪਿੱਛੇ ਲੱਗੇ ਕਈ ਦਰਖਤ ਅਜਿਹੇ ਹਨ ਜਿਹੜੇ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ ਅਤੇ ਸਥਾਨਕ ਵਸਨੀਕਾਂ ਲਈ ਖਤਰਾ ਬਣੇ ਹੋਏ ਹਨ| ਪੂਰੀ ਤਰ੍ਹਾਂ ਸੁੱਕ ਚੁੱਕੇ ਇਹ ਦਰਖਤ 30 ਤੋਂ 40 ਫੁੱਟ ਤਕ ਉੱਚੇ ਹਨ ਅਤੇ ਕਦੇ ਵੀ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਹਨ|
ਫੇਜ਼ 6 ਦੀ ਕੋਠੀ ਨੰਬਰ 502 ਦੇ ਪਿਛਲੇ ਪਾਸੇ ਦੀ ਥਾਂ ਤੇ ਅਜਿਹਾ ਹੀ ਇੱਕ ਦਰਖਤ ਖੜ੍ਹਾ ਹੈ ਅਤੇ ਆਸ ਪਾਸ ਪੈਂਦੇ ਮਕਾਨਾਂ ਦੇ ਵਸਨੀਕਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ| ਸਥਾਨਕ ਵਸਨੀਕ ਉਮਾ ਕਾਂਤ ਤਿਵਾੜੀ ਨੇ ਦੱਸਿਆ ਕਿ ਇਹ ਦਰਖਤ ਕਈ ਸਾਲ ਪਹਿਲਾਂ ਸੁੱਕ ਚੁੱਕਿਆ ਹੈ ਅਤੇ ਵਸਨੀਕਾਂ ਵਲੋਂ ਇਸ ਸੰਬੰਧੀ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੁਦ ਇਸਨੂੰ ਨਹੀਂ ਕੱਟਿਆ ਗਿਆ ਹੈ ਜਿਸ ਕਾਰਨ ਵਸਨੀਕਾਂ ਤੇ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ| ਉਹਨਾਂ ਕਿਹਾ ਕਿ ਜੇਕਰ ਇਹ ਦਰਖਤ ਆਪਣੇ ਆਪ ਡਿੱਗ ਗਿਆ ਤਾਂ ਇਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਇਸਨੂੰ ਤੁਰੰਤ ਕਟਵਾਇਆ ਜਾਣਾ ਚਾਹੀਦਾ ਹੈ|
ਇਸਤੋਂ ਇਲਾਵਾ ਫੇਜ਼ 6 ਦੀ ਹੀ ਕੋਠੀ ਨੰਬਰ 45 ਦੀ ਸਾਈਡ ਵਿੱਚ, ਕੋਠੀ ਨੰਬਰ 63 ਦੇ ਸਾਮ੍ਹਣੇ ਅਤੇ ਕੋਠੀ ਨੰਬਰ 137 ਦੇ ਸਾਮ੍ਹਣੇ ਵੀ ਅਜਿਹੇ ਸੁੱਕੇ ਦਰਖਤ ਲੱਗੇ ਹੋਏ ਹਨ ਜਿਹੜੇ ਕਦੇ ਵੀ ਟੁੱਟ ਕੇ ਇਹਨਾਂ ਕੋਠੀਆਂ ਦਾ ਵੱਡਾ ਨੁਕਸਾਨ ਕਰ ਸਕਦੇ ਹਨ| ਕੋਠੀ ਨੰਬਰ 45 ਦੀ ਸਾਈਡ ਤੇ ਲੱਗੇ ਦਰਖਤ ਦੀ ਤਾਂ ਇਹ ਹਾਲਤ ਹੈ ਕਿ ਇਹ ਇੱਕ ਪਾਸੇ ਨੂੰ ਝੁਕ ਚੁੱਕਿਆ ਹੈ ਅਤੇ ਕੋਠੀ ਦੀ ਸਾਈਡ ਵਿੱਚ ਬਣੇ ਪਾਰਕ ਦੀ ਰੇਲਿੰਗ ਨਾਲ ਟਿਕਿਆ ਹੋਇਆ ਹੈ ਜਿਹੜਾ ਕਦੇ ਵੀ ਟੁੱਟ ਕੇ ਭਾਰੀ ਨੁਕਸਾਨ ਕਰ ਸਕਦਾ ਹੈ|
ਕੋਠੀ ਨੰਬਰ 45 ਦੀ ਵਸਨੀਕ ਸ੍ਰੀਮਤੀ ਬਲਰਾਜ ਕੌਰ ਮਾਨ ਨੇ ਦੱਸਿਆ ਕਿ ਇਸ ਦਰਖਤ ਕਾਰਨ ਉਹਨਾਂ ਦੇ ਮਕਾਨ ਦੀ ਸਾਈਡ ਦਾ ਫਰਸ਼ ਵੀ ਟੁੱਟ ਗਿਆ ਹੈ ਅਤੇ ਇਹ ਦਰਖਤ ਕਦੇ ਵੀ ਡਿੱਗ ਸਕਦਾ ਹੈ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ|
ਫੇਜ਼ 6 ਦੇ ਸਾਬਕਾ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਇਹਨਾਂ ਦਰਖਤਾਂ ਦੀ ਸਮੱਸਿਆ ਦਾ ਕੋਈ ਹਲ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕਰ ਚੁੱਕੇ ਹਨ ਪਰੰਤੂ ਨਿਗਮ ਅਧਿਕਾਰੀ ਕੋਈ ਕਾਰਵਾਈ ਕਰਨ ਤੋਂ ਇਨਕਾਰੀ ਹਨ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਚਲਦੀ ਆ ਰਹੀ ਹੈ| ਉਹਨਾਂ ਮੰਗ ਕੀਤੀ ਕਿ ਪੂਰੀ ਤਰ੍ਹਾਂ ਸੁੱਕ ਚੁੱਕੇ ਇਹਨਾਂ ਦਰਖਤਾਂ ਨੂੰ ਤੁਰੰਤ ਕਟਵਾਇਆ ਜਾਵੇ ਤਾਂ ਜੋ ਲੋਕਾਂ ਦੀ ਇਹ ਸਮੱਸਿਆ ਹੱਲ ਹੋਵੇ|

Leave a Reply

Your email address will not be published. Required fields are marked *