ਕਦੋਂ ਤੱਕ ਮਾਪੇ ਢੋਂਹਦੇਂ ਰਹਿਣਗੇ ਜਵਾਨ ਪੁੱਤਾਂ ਦੀਆਂ ਲਾਸ਼ਾਂ …..

ਪਟਿਆਲਾ, 28 ਜੂਨ ( ਜਗਮੋਹਨ ਸਿੰਘ ) ਪੰਜ ਦਰਿਆਵਾਂ ਦੀ ਧਰਤੀ ਕਹੇ ਜਾਂਦੇ ਪੰਜਾਬ ਵਿੱਚ ਇਸ ਸਮੇਂ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਆਏ ਦਿਨ ਨੌਜਵਾਨ ਡੁੱਬ ਰਹੇ ਹਨ| ਇਹ ਨਸ਼ੇੜੀ ਨੌਜਵਾਨ ਆਪ ਤਾਂ ਮਰ ਜਾਂਦੇ ਹਨ ਪਰ ਆਪਣੇ ਪਿੱਛੇ ਵਿਲਕਦੇ ਮਾਪੇ ਛੱਡ ਜਾਂਦੇ ਹਨ| ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਉਹਨਾਂ ਨੌਜਵਾਨਾਂ ਦੇ ਪਰਿਵਾਰਾਂ ਦੇ ਕੀਰਨੇ ਕੰਧਾਂ ਪਾੜਦੇ ਹਨ ਜਿਹੜੇ ਨੌਜਵਾਨ ਵਿਆਹ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਅਤੇ ਜਵਾਨ ਪਤਨੀ ਨੂੰ ਛੱਡ ਨਸ਼ਿਆਂ ਦੀ ਭੇਂਟ ਚੜ ਜਾਂਦੇ ਹਨ| ਮਾਪਿਆਂ ਲਈ ਉਹ ਮੰਜਰ ਸਭ ਤੋਂ ਦੁਖਦਾਈ ਹੁੰਦਾ ਹੈ, ਜਦੋਂ ਉਹਨਾਂ ਨੂੰ ਆਪਣੇ ਜਵਾਨ ਪੁੱਤਰ ਦੀ ਅਰਥੀ ਚੁੱਕਣੀ ਪੈਂਦੀ ਹੈ|
ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਬੀਤੇ ਦਿਨਾਂ ਦੌਰਾਨ ਕਈ ਨੌਜਵਾਨਾਂ ਦੇ ਨਸ਼ੇ ਕਾਰਨ ਮਾਰੇ ਜਾਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ| ਪੰਜਾਬ ਵਿੱਚ ਨਸ਼ੇ ਦੀ ਭਿਆਨਕਤਾ ਦਾ ਪਤਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਇਕ ਏ ਐਸ ਆਈ ਦੀ ਸ਼ਿਕਾਇਤ ਕਰ ਚੁੱਕੇ ਹਨ| ਰਾਣਾ ਗੁਰਜੀਤ ਸਿੰਘ ਅਨੁਸਾਰ ਇਹ ਏ ਐਸ ਆਈ ਇੱਕ ਕੁੜੀ ਨੂੰ ਨਸ਼ੇ ਦੀ ਲੱਤ ਲਾਉਣ ਲਈ ਜਿੰਮੇਵਾਰ ਹੈ| ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਇਸ ਸਮੇਂ ਅਕਸਰ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਤੁਰੇ ਫਿਰਦੇ ਦਿਖਾਈ ਦਿੰਦੇ ਹਨ| ਕਈ ਨੌਜਵਾਨ ਤਾਂ ਨਸ਼ੇ ਦੀ ਹਾਲਤ ਵਿੱਚ ਇੱਕ ਦੂਜੇ ਨਾਲ ਲੜਾਈ ਝਗੜਾ ਵੀ ਕਰਨ ਲੱਗ ਪੈਂਦੇ ਹਨ| ਪਟਿਆਲਾ ਸਮੇਤ ਕਈ ਸ਼ਹਿਰਾਂ ਦੇ ਪਾਰਕਾਂ ਵਿੱਚ ਅਕਸਰ ਹੀ ਦੁਪਹਿਰ ਸਮੇਂ ਬੈਠੇ ਮੁੰਡੇ ਕੁੜੀਆਂ ਕਈ ਤਰ੍ਹਾਂ ਦੇ ਨਸ਼ੇ ਕਰਦੇ ਰਹਿੰਦੇ ਹਨ ਅਤੇ ਨਸ਼ੇ ਨੂੰ ਹੁਣ ਵੀ ਠੱਲ ਨਾ ਪਾਈ ਗਈ ਤਾਂ ਮਾਪੇ ਇਸੇ ਤਰ੍ਹਾਂ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਢੋਂਹਦੇ ਰਹਿਣਗੇ|

Leave a Reply

Your email address will not be published. Required fields are marked *