ਕਦੋਂ ਰੁਕਣਗੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ

ਪੰਜਾਬ ਵਿੱਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੀ ਕੋਈ ਨਾ ਕੋਈ ਖਬਰ ਆਏ ਦਿਨ ਚਰਚਾ ਦਾ ਵਿਸ਼ਾ ਬਣਦੀ ਹੈ| ਪਿਛਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਕਰੀਬ ਸਾਰੇ ਹੀ ਆਗੂਆਂ ਨੇ ਇਹ ਵਾਇਦਾ ਕੀਤਾ ਸੀ ਕਿ ਸਰਕਾਰ ਬਣਨ ਸਾਰ ਪੰਜਾਬ ਵਿੱਚ ਕਿਸਾਨਾਂ ਦਾ ਕਰਜਾ ਮਾਫ ਕਰ ਦਿੱਤਾ ਜਾਵੇਗਾ ਅਤੇ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਰੋਕਣ ਲਈ ਜਰੂਰੀ ਕਦਮ ਚੁੱਕੇ ਜਾਣਗੇ| ਇਹ ਠੀਕ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕੁਝ ਕਿਸਾਨਾਂ ਦਾ ਕਰਜਾ ਮਾਫ ਵੀ ਕੀਤਾ ਹੈ ਪਰੰਤੂ ਇਸਦੇ ਬਾਵਜੂਦ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ|
ਅਸਲੀਅਤ ਇਹ ਹੈ ਕਿ ਕੈਪਟਨ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਰ ਵੀ ਵੱਧ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਮਾੜੀ ਹਾਲਤ ਦਾ ਪਤਾ ਲੱਗਦਾ ਹੈ| ਇਥੇ ਇਹ ਜ਼ਿਕਰਯੋਗ ਹੈ ਕਿ ਕਰਜੇ ਤੋਂ ਦੁਖੀ ਹੋ ਕੇ ਸਿਰਫ ਕਿਸਾਨ ਹੀ ਖੁਦਕੁਸ਼ੀਆਂ ਨਹੀਂ ਕਰ ਰਹੇ ਬਲਕਿ ਖੇਤ ਮਜਦੂਰ ਅਤੇ ਹੋਰ ਕੰਮ ਧੰਦੇ ਕਰਨ ਵਾਲੇ ਲੋਕ ਵੀ ਕਰਜੇ ਤੋਂ ਮੁਕਤੀ ਪਾਉਣ ਲਈ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ|
ਪੰਜਾਬੀਆਂ ਨੂੰ ਇੱਕ ਬਹਾਦਰ ਕੌਮ ਸਮਝਿਆ ਜਾਂਦਾ ਹੈ ਪਰ ਕਰਜੇ ਤੋਂ ਮੁਕਤੀ ਪਾਉਣ ਲਈ ਖੁਦਕੁਸ਼ੀ ਕਰਨ ਵੇਲੇ ਇਹਨਾਂ ਦੀ ਬਹਾਦਰੀ ਪਤਾ ਨਹੀਂ ਕਿਹੜੇ ਪਾਸੇ ਚਲੀ ਜਾਂਦੀ ਹੈ| ਹਾਲਾਂਕਿ ਇਸ ਸਬੰਧੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਕਿਸਾਨ ਕੋਲ ਆਪਣਾ ਟ੍ਰੈਕਟਰ ਅਤੇ ਆਪਣੀ ਗੱਡੀ ਹੁੰਦੀ ਹੈ| ਕਿਸਾਨਾਂ ਦੇ ਬੱਚੇ ਖੇਤਾਂ ਵੱਲ ਸਿਰਫ ਘੁੰਮਣ ਲਈ ਹੀ ਜਾਂਦੇ ਹਨ ਅਤੇ ਪੱਠੇ ਤਕ ਲਿਆਉਣ ਲਈ ਵੀ ਪਰਵਾਸੀ ਮਜਦੂਰ ਰੱਖਿਆ ਹੁੰਦਾ ਹੈ| ਬਾਜਾਰ ਵਿੱਚ ਜਿਹੜਾ ਵੀ ਨਵਾਂ ਕਪੜਾ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਖਰੀਦਦੇ ਹਨ| ਬਾਕੀ ਰਹਿੰਦੀ ਕਸਰ ਮੈਰਿਜ ਪੈਲਿਸਾਂ ਅਤੇ ਹੋਟਲਾਂ ਵਿੱਚ ਕੀਤੇ ਜਾਂਦੇ ਵਿਆਹਾਂ ਤੋਂ ਹੋ ਜਾਂਦੀ ਹੈ, ਇਹਨਾਂ ਵਿਆਹਾਂ ਉਪਰ ਲੱਖਾਂ ਰੁਪਏ ਦਾ ਖਰਚ ਹੋ ਜਾਂਦਾ ਹੈ| ਕੁੱਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਕਿਸਾਨਾਂ ਨੇ ਆਪਣੇ ਖਰਚੇ ਖੁਦ ਹੀ ਵਧਾਏ ਹੋਏ ਹਨ ਜਿਸ ਕਰਕੇ ਕਿਸਾਨਾਂ ਸਿਰ ਕਰਜਾ ਚੜ ਜਾਂਦਾ ਹੈ|
ਦੂਜੇ ਪਾਸੇ ਖੇਤੀ ਮਾਹਿਰ ਇਹ ਮੰਨਦੇ ਹਨ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਲੋੜੀਂਦਾ ਮੁੱਲ ਹਾਸਿਲ ਨਾ ਹੋਣ ਕਾਰਨ ਉਹਨਾਂ ਸਿਰ ਕਰਜੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾਂਦੀ ਹੈ| ਕੁਦਰਤ ਦੀ ਕਰੋਪੀ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਕਰਦੀ ਹੈ| ਕਦੇ ਫਸਲ ਸੋਕੇ ਦੀ ਸ਼ਿਕਾਰ ਹੋ ਜਾਂਦੀ ਹੈ ਅਤੇ ਜੇ ਜਿਆਦਾ ਮੀਂਹ ਪੈ ਜਾਏ ਤਾਂ ਫਸਲ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਜਾਂਦੀ ਹੈ| ਕਿਸਾਨਾਂ ਤੋਂ ਫਸਲ ਦੀ ਖਰੀਦ ਕਰਨ ਵਾਲਿਆਂ ਵਲੋਂ ਉਹਨਾਂ ਨੂੰ ਅਦਾਇਗੀ ਬਹੁਤ ਦੇਰ ਨਾਲ ਕੀਤੀ ਜਾਂਦੀ ਹੈ, ਜਿਵੇਂ ਖੰਡ ਮਿਲਾਂ ਵੱਲ ਕਿਸਾਨਾ ਦੇ ਗੰਨੇ ਦੇ ਬਕਾਏ ਅਜੇ ਵੀ ਖੜੇ ਹਨ ਅਤੇ ਇਸ ਕਾਰਨ ਵੀ ਕਿਸਾਨਾਂ ਕਰਜੇ ਦੇ ਭਾਰ ਹੇਠ ਦੱਬਿਆ ਹੋਇਆ ਹੈ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਾਲਾਂ ਦੌਰਾਨ ਖੇਤੀ ਦੇ ਲਾਗਤ ਖਰਚਿਆਂ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ ਪਰੰਤੂ ਇਹਨਾਂ ਖਰਚਿਆਂ ਦੇ ਅਨੁਸਾਰ ਆਮਦਨ ਵਿੱਚ ਵਾਧਾ ਨਾ ਹੋਣ ਕਾਰਨ ਕਿਸਾਨਾਂ ਦੀ ਹਾਲਤ ਖਰਾਬ ਹੋਣ ਲੱਗ ਪਈ ਹੈ| ਇਸ ਕਾਰਨ ਵੀ ਕਿਸਾਨਾਂ ਸਿਰ ਕਰਜਾ ਚੜ ਜਾਂਦਾ ਹੈ ਅਤੇ ਕਰਜੇ ਤੋਂ ਦੁਖੀ ਹੋ ਕੇ ਕਈ ਕਿਸਾਨ ਖੁਦਕੁਸ਼ੀਆਂ ਕਰ ਲੈਂਦੇ ਹਨ| ਅਜਿਹਾ ਵੀ ਨਹੀਂ ਹੈ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਖੁਦਕੁਸ਼ੀਆਂ ਕਰਦੇ ਹਨ ਬਲਕਿ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਕਿਸਾਨਾਂ ਦੀ ਹਾਲਤ ਤਰਸਯੋਗ ਹੈ| ਤ੍ਰਾਸਦੀ ਇਹ ਵੀ ਹੈ ਕਿ ਸਾਡੇ ਹੁਕਮਰਾਨ ਇਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ| ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਜਦੋਂ ਇੱਕ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਤਾਂ ਉਸਦਾ ਕਹਿਣਾ ਸੀ ਕਿ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨਾ ਤਾਂ ਹੁਣ ਇਕ ਫੈਸ਼ਨ ਹੀ ਬਣ ਗਿਆ ਹੈ| ਜੇਕਰ ਮੰਤਰੀ ਹੀ ਅਜਿਹੇ ਬਚਕਾਨੇ ਬਿਆਨ ਦੇਣਗੇ ਤਾਂ ਉਹਨਾਂ ਤੋਂ ਕਿਸਾਨਾਂ ਦੀ ਭਲਾਈ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ|
ਇੱਥੇ ਕਰਨਾਟਕ ਸਰਕਾਰ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਰਨਾਟਕ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਥੋਂ ਦੀ ਸਰਕਾਰ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਵਿਸ਼ੇਸ ਨੀਤੀ ਬਣਾਈ ਹੈ| ਕਰਨਾਟਕ ਸਰਕਾਰ ਨੇ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਦੇਣਾ ਯਕੀਨੀ ਕੀਤਾ ਹੈ ਇਸਦੇ ਨਾਲ ਵਿਕੀ ਹੋਈ ਫਸਲ ਦੀ ਅਦਾਇਗੀ ਵੀ ਨਾਲ ਦੀ ਨਾਲ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ| ਇਸ ਨਾਲ ਕਰਨਾਟਕ ਵਿੱਚ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ| ਕਰਨਾਟਕ ਸਰਕਾਰ ਨੇ ਤਾਂ ਐਗਰੀਕਲਚਰ ਪ੍ਰਾਈਸ ਕਮਿਸ਼ਨ ਵੀ ਬਣਾਇਆ ਹੈ, ਜਿਸਦੇ ਚੰਗੇ ਨਤੀਜੇ ਨਿਕਲ ਰਹੇ ਹਨ| ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਰਨਾਟਕ ਮਾਡਲ ਨੂੰ ਅਪਨਾਏ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਹਲ ਕਰਨ ਲਈ ਕਦਮ ਚੁੱਕੇ ਤਾਂ ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *